ਨਵੀਂ ਦਿੱਲੀ, 11 ਫਰਵਰੀ
ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਹਰਿਆਣਵੀ ਗਾਇਕਾ ਸਪਨਾ ਚੌਧਰੀ ਤੇ ਹੋਰਨਾਂ ਖ਼ਿਲਾਫ਼ ਫੰਡਾਂ ਦੀ ਹੇਰਾਫੇਰੀ, ਧੋਖਾਧੜੀ ਤੇ ਅਪਰਾਧਿਕ ਸਾਜਿਸ਼ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਸਾਰਿਆਂ ਖ਼ਿਲਾਫ਼ ਇਹ ਕੇਸ ਪੀ ਐਂਡ ਐੱਮ ਮੂਵੀਜ਼ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਪਵਨ ਚਾਵਲਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਇਹ ਕੰਪਨੀ ਮਸ਼ਹੂਰ ਸ਼ਖ਼ਸੀਅਤਾਂ ਦੇ ਕਾਰੋਬਾਰ ਤੇ ਪ੍ਰੋਗਰਾਮ ਪ੍ਰਬੰਧਨ ਦਾ ਕੰਮ ਦੇਖਦੀ ਹੈ। ਐੱਫਆਈਆਰ ਅਨੁਸਾਰ ਸਾਲ 2018 ਵਿੱਚ ਚਾਵਲਾ ਤੇ ਸਪਨਾ ਚੌਧਰੀ ਵਿਚਾਲੇ ਕਲਾਕਾਰ ਪ੍ਰਬੰਧਨ ਸਮਝੌਤਾ ਹੋਇਆ ਸੀ। ਸਪਨਾ ਨੇ ਵੱਖ-ਵੱਖ ਮੌਕਿਆਂ ’ਤੇ ਚਾਵਲਾ ਕੋਲੋਂ ਵੱਡੀ ਰਕਮ ਲਈ ਤੇ ਚਾਵਲਾ ਅਨੁਸਾਰ ਸਪਨਾ ਵੱਲ ਸਾਢੇ ਤਿੰਨ ਕਰੋੜ ਦਾ ਕਰਜ਼ਾ ਬਕਾਇਆ ਹੈ। ਇਸ ਦੇ ਬਾਵਜੂਦ ਮਾਰਚ 2020 ਵਿੱਚ ਸਪਨਾ ਨੇ ਗੁੜਗਾਓਂ ਵਿੱਚ ਉਸ ਦੀ ਕੰਪਨੀ ਦਾ ਇਕ ਦਫ਼ਤਰ ਖੋਲ੍ਹ ਲਿਆ ਅਤੇ ਇਸ ਕੰਮ ਵਿੱਚ ਉਸ ਦੀ ਕੰਪਨੀ ਦੇ ਇਕ ਮੁਲਾਜ਼ਮ ਨੂੰ ਵੀ ਸ਼ਾਮਲ ਕਰ ਲਿਆ। ਇਸ ਤਰ੍ਹਾਂ ਗਾਇਕਾ ਨੇ ਉਸ ਨਾਲ ਵਿਸ਼ਵਾਸਘਾਤ ਕੀਤਾ।
-ਪੀਟੀਆਈ