ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਫਰਵਰੀ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸਰਕਾਰ ਦਾ ਕੰਮ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਹੁੰਦਾ ਹੈ ਨਾ ਕਿ ਰੁਜ਼ਗਾਰ ਖੋਹਣ ਦਾ। ਖੱਟਰ ਸਰਕਾਰ ਨੇ ਪੀਜੀਟੀ ਸੰਸਕ੍ਰਿਤ ਦੀਆਂ 626 ਅਸਾਮੀਆਂ ਲਈ 2015 ਵਿੱਚ ਭਰਤੀ ਲਈ ਕਾਰਵਾਈ ਮੁਕੰਮਲ ਕੀਤੀ ਜਿਸ ਨੂੰ ਬਾਅਦ ਵਿਚ ਅਚਾਨਕ ਰੱਦ ਕਰ ਦਿੱਤਾ ਗਿਆ ਜਿਸ ਦੇ ਵਿਰੋਧ ਵਿੱਚ ਨੌਜਵਾਨਾਂ ਨੇ ਵੱਖ-ਵੱਖ ਥਾਵਾਂ ’ਤੇ ਸੰਘਰਸ਼ ਵੀ ਕੀਤੇ ਪਰ ਸਰਕਾਰ ਨੇ ਕਿਸੇ ਨੂੰ ਭਰਤੀ ਨਹੀਂ ਕੀਤਾ। ਇਸ ਤੋਂ ਪਹਿਲਾਂ ਵੀ ਭਾਜਪਾ-ਜੇਜੇਪੀ ਸਰਕਾਰ ਗਰੁੱਪ ਡੀ ਸਪੋਰਟਸ ਕੋਟੇ ਦੇ 1500 ਖਿਡਾਰੀਆਂ ਦਾ ਰੁਜ਼ਗਾਰ ਖੋਹ ਚੁੱਕੀ ਹੈ। ਸ੍ਰੀ ਹੁੱਡਾ ਨੇ ਕਿਹਾ ਕਿ ਸੂਬਾ ਸਰਕਾਰ ਸਿਰਫ਼ ਬੇਰੁਜ਼ਗਾਰਾਂ ਨਾਲ ਹੀ ਨਹੀਂ ਸਗੋਂ ਖਿਡਾਰੀਆਂ ਨਾਲ ਵੀ ਖਿਲਵਾੜ ਕਰ ਰਹੀ ਹੈ ਤੇ ਖੇਡ ਨੀਤੀ ਵਿੱਚ ਬਦਲਾਅ ਕਰ ਰਹੀ ਹੈ। ਇਸ ਨੀਤੀ ਤਹਿਤ ਜੇਤੂ ਖਿਡਾਰੀਆਂ ਨੂੰ ਐੱਚਸੀਐੱਸ ਅਤੇ ਐੱਚਪੀਐੱਸ ਨਹੀਂ ਲਗਾਇਆ ਜਾਵੇਗਾ।