ਗੁਰਨਾਮ ਸਿੰਘ ਚੌਹਾਨ/ਸ਼ਹਬਿਾਜ਼ ਸਿੰਘ
ਪਾਤੜਾਂ/ਘੱਗਾ, 24 ਅਕਤੂਬਰ
ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਨੇ ਪਿੰਡ ਬਰਾਸ ਜਾ ਕੇ ਕਥਿਤ ਨਕਲੀ ਡੀਏਪੀ ਖਾਦ ਬਾਰੇ ਮਿਲੀ ਸ਼ਿਕਾਇਤ ’ਤੇ ਪੜਤਾਲ ਕੀਤੀ। ਟੀਮ ਵਿੱਚ ਖੇਤੀਬਾੜੀ ਅਫ਼ਸਰ ਸਮਾਣਾ ਡਾ. ਕੁਲਦੀਪਇੰਦਰ ਸਿੰਘ ਢਿੱਲੋਂ, ਬਾਗਬਾਨੀ ਵਿਕਾਸ ਅਫ਼ਸਰ ਸਮਾਣਾ ਡਾ. ਦਿਲਪ੍ਰੀਤ ਸਿੰਘ ਸਮੇਤ ਹੋਰ ਖੇਤੀਬਾੜੀ ਅਧਿਕਾਰੀ ਸ਼ਾਮਲ ਸਨ। ਜਿਹੜੇ ਕਿਸਾਨਾਂ ਨੇ ਟਰੱਕਾਂ ਤੋਂ ਡੀਏਪੀ ਖਾਦ ਖਰੀਦੀ ਸੀ ਉਨ੍ਹਾਂ ਦੇ ਬਿਆਨ ਲਏ। ਟੀਮ ਨੇ ਉਕਤ ਖਾਦ ਨਾਲ ਬੀਜੇ ਬਰਸੀਮ, ਮਟਰ ਅਤੇ ਆਲੂ ਦੇ ਖੇਤਾਂ ਦਾ ਦੌਰਾ ਕੀਤਾ।
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪਿੰਡ ਬਰਾਸ ਦੇ ਸਰਪੰਚ ਸਤਨਾਮ ਸਿੰਘ ਨੇ ਖਾਦ ਵਿਕਣ ਸਬੰਧੀ ਸ਼ਿਕਾਇਤ ਕੀਤੀ ਸੀ। ਇਸ ਦੇ ਅਧਾਰ ’ਤੇ ਟੀਮ ਨੇ ਪਿੰਡ ਜਾ ਕੇ ਪੜਤਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਨੇ ਲਿਖਤੀ ਬਿਆਨ ਕੀਤਾ ਕਿ ਉਨ੍ਹਾਂ ਨੂੰ ਡੀਏਪੀ ਨਕਲੀ ਹੋਣ ਸਬੰਧੀ ਕੋਈ ਸ਼ਿਕਾਇਤ ਨਹੀ ਹੈ, ਜ਼ਮੀਨ ਦੀ ਫ਼ਸਲ ਦੀ ਉਗਣ ਸ਼ਕਤੀ ਤਸੱਲੀਬਖ਼ਸ਼ ਹੈ ਪਰ ਸਰਪੰਚ ਸਤਨਾਮ ਸਿੰਘ ਸਮੇਤ ਦੋ ਕਿਸਾਨਾਂ ਨੇ ਡੀਏਪੀ ਖਾਦ ਦੀ ਕੁਆਲਿਟੀ ਮਾੜੀ ਹੋਣ ਉਪਰ ਖਦਸ਼ਾ ਜ਼ਾਹਿਰ ਕੀਤਾ ਹੈ। ਜਿਹੜੇ ਕਿਸਾਨਾਂ ਨੇ ਡੀਏਪੀ ਖਾਦ ਨਾਲ ਬਿਜਾਈ ਕੀਤੀ ਹੈ, ਉਨ੍ਹਾਂ ਦੇ ਖੇਤਾਂ ਦਾ ਦੌਰਾ ਕਰਨ ਉਪਰੰਤ ਪਾਇਆ ਗਿਆ ਕਿ ਮਟਰ ਤੇ ਬਰਸੀਮ ਦੀ ਉਗਣ ਸ਼ਕਤੀ ਠੀਕ ਹੈ, ਲੇਕਿਨ ਆਲੂਆਂ ਦੀ ਕਿਸਮ ਪੁਖਰਾਜ ਕਿਸਾਨ ਵੱਲੋਂ ਨਿਰਧਾਰਿਤ ਸਮੇਂ ਤੋਂ ਲਗਭਗ ਦੋ ਹਫ਼ਤੇ ਲੇਟ ਬੀਜਣ ਕਾਰਨ ਉਗਣ ਸ਼ਕਤੀ ਦੀ ਰਫ਼ਤਾਰ ਕੁਝ ਧੀਮੀ ਹੈ। ਕਿਸਾਨਾਂ ਕੋਲੋਂ ਮੌਕੇ ’ਤੇ ਡੀਏਪੀ ਖਾਦ ਦਾ ਕੋਈ ਸਾਬਤ ਥੈਲਾ ਪ੍ਰਾਪਤ ਨਹੀਂ ਹੋਇਆ। ਸਰਪੰਚ ਵੱਲੋਂ ਖੁੱਲ੍ਹੇ ਥੈਲੇ ਵਿੱਚੋਂ ਸੈਂਪਲ ਭਰਨ ਸਬੰਧੀ ਜ਼ੋਰ ਪਾਇਆ ਗਿਆ ਪ੍ਰੰਤੂ ਖਾਦ ਕੰਟਰੋਲ ਆਰਡਰ ਅਨੁਸਾਰ ਕਿਸਾਨਾਂ ਪਾਸ ਮੌਜੂਦ ਖਾਦ ਵਿੱਚੋਂ ਸੈਂਪਲ ਭਰਨਾ ਅਸੰਭਵ ਹੈ। ਪਿੰਡ ਦੇ ਸਰਪੰਚ ਜਾਂ ਕਿਸੇ ਕਿਸਾਨ ਵੱਲੋਂ ਡੀਏਪੀ ਖਾਦ ਸਪਲਾਈ ਕਰਤਾ ਦਾ ਨਾਮ ਪਤਾ ਨਹੀਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਬਿਆਨਾਂ ’ਤੇ ਟੀਮ ਵੱਲੋਂ ਕੀਤੀ ਪੜਤਾਲ ਤਹਿਤ ਮਸਲਾ ਪਿੰਡ ਵਿਚਲੀ ਧੜੇਬੰਧੀ ਜਾਪਦੀ ਹੈ ਫਿਰ ਵੀ ਵਿਭਾਗ ਵੱਲੋਂ ਅਗਲੇਰੀ ਲੋੜੀਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਖਾਦ ਵਿਕਰੇਤਾ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਖਾਦ ਕੰਟਰੋਲ ਆਰਡਰ 1985 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।