ਗੁਰਬਖਸ਼ਪੁਰੀ
ਤਰਨ ਤਾਰਨ, 21 ਫਰਵਰੀ
ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਦਿਮਾਗੀ ਅਤੇ ਸਰੀਰਕ ਥਕਾਵਟ ’ਚੋਂ ਲੰਘਦੇ ਰਹੇ ਸਿਆਸੀ ਆਗੂਆਂ ਲਈ ਕਾਫੀ ਦੇਰ ਬਾਅਦ ਅੱਜ ਆਰਾਮ ਵਾਲਾ ਦਿਨ ਆਇਆ। ਮੁੱਖ ਧਿਰਾਂ ’ਚੋਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਮੋਬਾਈਲ ਫੋਨ ਜਾਂ ਤਾਂ ਬੰਦ ਮਿਲੇ ਜਾਂ ਉਨ੍ਹਾਂ ਨੇ ਕਿਸੇ ਢੰਗ ਨਾਲ ਰਾਬਤਾ ਕਰਨ ਤੋਂ ਪਰਹੇਜ਼ ਕੀਤਾ।
ਤਰਨ ਤਾਰਨ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਦੇ ਉਮੀਦਵਾਰ ਡਾ. ਧਰਮਬੀਰ ਅਗਨੀਹੋਤਰੀ ਨੂੰ ਜਦ ਫੋਨ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਅੱਜ ਬੜੇ ਦਿਨਾਂ ਬਾਅਦ ਉਨ੍ਹਾਂ ਨੀਂਦ ਪੂਰੀ ਕੀਤੀ ਹੈ। ਇਸ ਤੋਂ ਬਾਅਦ ਉਹ ਚੋਣ ਨਿਗਰਾਨ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਆਪਣੇ ਵਰਕਰਾਂ ਨਾਲ ਮੀਟਿੰਗ ਕੀਤੀ। ਪੱਟੀ ਤੋਂ ਅਕਾਲੀ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵੀ ਫੋਨ ਨਹੀਂ ਚੁੱਕਿਆ ਜਦਕਿ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਕਿਸੇ ਬਹਾਨੇ ਗੱਲ ਕਰਨ ਤੋਂ ਟਾਲਾ ਵੱਟਿਆ। ਪੱਟੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਉਹ ਦੇਰ ਨਾਲ ਉੱਠੇ। ਇਸ ਮਗਰੋਂ ਉਨ੍ਹਾਂ ਪਰਿਵਾਰ ਨਾਲ ਨਾਸ਼ਤਾ ਕੀਤਾ ਅਤੇ ਵਰਕਰਾਂ ਨਾਲ ਸੰਪਰਕ ਕਰ ਕੇ ਗਿਣਤੀ ਕੇਂਦਰ ਦੀ ਸੁਰੱਖਿਆ ਸਬੰਧੀ ਯੋਜਨਾ ਬਣਾਈ। ਉਨ੍ਹਾਂ ਵੋਟਰਾਂ ਦੇ ਹੁੰਗਾਰੇ ’ਤੇ ਤਸੱਲੀ ਪ੍ਰਗਟਾਈ।
ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਫੋਨ ਬੰਦ ਰਿਹਾ ਅਤੇ ਕਾਂਗਰਸੀ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਨੇ ਕੋਈ ਜਵਾਬ ਨਹੀਂ ਦਿੱਤਾ।
ਇਹੋ ਹਾਲ ਖੇਮਕਰਨ ਹਲਕੇ ਦੇ ਉਮੀਦਵਾਰਾਂ ਦਾ ਰਿਹਾ। ਇਸ ਹਲਕੇ ਦੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦਾ ਫੋਨ ਬੰਦ ਸੀ। ਦੋ ਵਜੇ ਦੇ ਕਰੀਬ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੇ ਸਹਾਇਕ ਨੇ ਕਿਹਾ ਕਿ ਉਹ ਗੱਲ ਨਹੀਂ ਕਰ ਸਕਦੇ।