ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਗਸਤ
ਰਿਐਲਿਟੀ ਸ਼ੋਅ ‘ਲਾਕਅੱਪ’ ਦੇ ਜੇਤੂ ਅਤੇ ਕਾਮੇਡੀਅਨ ਮੁਨੱਵਰ ਫਾਰੂਕੀ ਦੇ ਐਤਵਾਰ ਨੂੰ ਇਥੇ ਹੋਣ ਵਾਲੇ ਸ਼ੋਅ ਨੂੰ ਦਿੱਲੀ ਪੁਲੀਸ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸ਼ੋਅ ਨੂੰ ਪਹਿਲਾਂ ਲਾਇਸੈਂਸਿੰਗ ਯੂਨਿਟ ਤੋਂ ਇਜਾਜ਼ਤ ਮਿਲੀ ਸੀ ਪਰ ਉਸ ਨੂੰ ਬਾਅਦ ਵਿੱਚ ਕੇਂਦਰੀ ਜ਼ਿਲ੍ਹਾ ਪੁਲੀਸ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਬਹਾਨੇ ਰੱਦ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲੀਸ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਇਹ ਸ਼ੋਅ ਇਲਾਕੇ ’ਚ ਫਿਰਕੂ ਸਦਭਾਵਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵਿਸ਼ਵ ਹਿੰਦੂ ਪਰਿਸ਼ਦ ਸਮੇਤ ਕੁਝ ਧਾਰਮਿਕ ਸੰਗਠਨਾਂ ਨੇ ਮੁਨੱਵਰ ਦੇ ਪ੍ਰੋਗਰਾਮ ’ਤੇ ਇਤਰਾਜ਼ ਕੀਤਾ ਸੀ ਤੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ਼ੋਅ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।