ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਜੁਲਾਈ
ਸਨਅਤੀ ਸ਼ਹਿਰ ਦੇ ਵਾਰਡ ਨੰਬਰ-23 ਵਿੱਚ ਕਾਂਗਰਸੀ ਕੌਂਸਲਰ ਸੰਦੀਪ ਕੁਮਾਰੀ ਤੇ ਉਸਦੇ ਪਤੀ ਗੌਰਵ ਭੱਟੀ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਪਾਰਕ ਦੀ ਉਸਾਰੀ ਵਿੱਚ 4 ਲੱਖ 90 ਹਜ਼ਾਰ ਰੁਪਏ ਦਾ ਘਪਲਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਵੀ ਭੇਜੀ ਹੈ।
ਇਸ ਸਬੰਧੀ ਪੱਤਰਕਾਰ ਮਿਲਣੀ ਕਰਦੇ ਹੋਏ ਕੌਂਸਲਰ ਦੇ ਪਤੀ ਗੌਰਵ ਭੱਟੀ ਨੇ ਦੱਸਿਆ ਕਿ ਵਾਰਡ ਨੰਬਰ-23 ਵਿੱਚ ਉਨ੍ਹਾਂ ਦੀ ਪਤਨੀ ਸੰਦੀਪ ਕੁਮਾਰੀ ਕੌਂਸਲਰ ਹੈ, ਉਨ੍ਹਾਂ ਦੇ ਵਾਰਡ ਦੇ ਹੀ ਇਲਾਕੇ ਅਰਬਨ ਅਸਟੇਟ ਫੇਜ਼-1 ’ਚ ਪਾਰਕਾਂ ਦੇ ਨਵੀਨੀਕਰਨ ਦਾ ਕੰਮ ਕੇਐੱਸ ਕੰਨਸਟ੍ਰਕਸ਼ਨ ਕੰਪਨੀ ਨੇ ਸ਼ੁਰੂ ਕਰ ਦਿੱਤਾ ਸੀ। ਬਾਅਦ ’ਚ ਅਧਿਕਾਰੀ ਦੀ ਮਿਲੀਭੁਗਤ ਨਾਲ ਇਸ ਕੰਮ ਦਾ ਖਰਚਾ 4.90 ਲੱਖ ਵਧਾ ਕੇ ਵਾਰਡ ਨੰਬਰ-23 ਦੇ ਢੰਡਾਰੀ ਪੁਲ ਦੇ ਸਾਹਮਣੇ ਕਿਸੇ ਪਾਰਕ ’ਚ ਖਰਚ ਦਿਖਾ ਦਿੱਤਾ, ਜਦੋਂ ਕਿ ਉਹ ਇਲਾਕਾ ਵਾਰਡ ਨੰਬਰ-23 ’ਚ ਆਉਂਦਾ ਹੀ ਨਹੀਂ। ਭੱਟੀ ਨੇ ਦੱਸਿਆ ਕਿ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਤੋਂ ਇਸ ਕੰਮ ਦੀ ਫਾਈਲ ਮੰਗੀ ਤਾਂ ਉਹ ਟਾਲ ਮਟੋਲ ਕਰਨ ਲੱਗੇ ਤੇ ਕਿਹਾ ਕਿ ਪੰਜ ਲੱਖ ਦੀ ਲਾਗਤ ਨਾਲ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਕੋਈ ਨਿੱਜੀ ਕੰਮ ਕਰਵਾਉਣਾ ਹੈ, ਇਸ ਲਈ ਇਸ ਕੰਮ ਦੀ ਲਾਗਤ ਵਧਾ ਦਿੱਤੀ ਗਈ ਹੈ।