ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 29 ਨਵੰਬਰ
ਸਾਂਝਾ ਫੋਰਮ ਪੰਜਾਬ ਪਾਵਰਕੌਮ ਦੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣ ਤੋਂ ਬਾਅਦ ਉਨ੍ਹਾਂ ਨੇ ਅੱਜ ਇਕੱਠ ਕਰ ਕੇ ਇੱਕ-ਦੂਜੇ ਨੂੰ ਸੰਘਰਸ਼ ਜਿੱਤਣ ਦੀ ਵਧਾਈ ਦਿੱਤੀ। ਇਸ ਮੌਕੇ ਆਗੂਆਂ ਨੇ ਮੁੱਖ ਮੰਤਰੀ ਵੱਲੋਂ ਟੈਂਕੀਆਂ ਤੇ ਚੜ੍ਹੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਛੇਵੇਂ ਪੇਅ ਕਮਿਸ਼ਨ ਦੀਆਂ ਤੁਰਟੀਆਂ ਦੂਰ ਕਰਵਾਉਣ ਲਈ ਉਹ ਮੋਰਿੰਡਾ ਵਿੱਚ ਚੱਲ ਰਹੇ ਪੱਕੇ ਮੋਰਚੇ ’ਚ 2 ਦਸੰਬਰ ਨੂੰ ਸ਼ਮੂਲੀਅਤ ਕਰਨਗੇ। ਅੱਜ ਦੇ ਇਕੱਠ ਨੂੰ ਗਿਆਨ ਚੰਦ, ਨਰਿੰਦਰ ਸੰਧੂ, ਰਜਿੰਦਰ ਸਿੰਘ, ਹਰੀ ਕ੍ਰਿਸ਼ਨ, ਸੁਸ਼ੀਲ ਕੁਮਾਰ, ਰਾਜ ਸਿੰਘ, ਬਚਨ ਸਿੰਘ ਨੇ ਸੰਬੋਧਨ ਕੀਤਾ।
ਬਿਜਲੀ ਮੁਲਾਜ਼ਮਾਂ ਵੱਲੋਂ ਜੇਤੂ ਰੈਲੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚ ਐਂਪਲਾਈਜ਼ ਫੈਡਰੇਸ਼ਨ (ਪਹਿਲਵਾਨ), ਮਨਿਸਟਰੀਅਲ ਸਰਵਿਸ ਯੂਨੀਅਨ, ਐਂਪਲਾਈਜ਼ ਯੂਨੀਅਨ ਅਤੇ ਟੈਕਨੀਸ਼ਨ ਸਰਵਿਸ ਯੂਨੀਅਨ ਨੇ ਅੱਜ ਪਾਵਰਕੌਮ ਦੇ ਪ੍ਰਬੰਧਕਾਂ ਖ਼ਿਲਾਫ਼ 13 ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਜੇਤੂ ਰੈਲੀ ਕੀਤੀ। ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਅਤੇ ਮੁਲਾਜ਼ਮ ਫਰੰਟ ਪੰਜਾਬ ਦੇ ਸੂਬਾਈ ਆਗੂ ਬਲਜੀਤ ਸਿੰਘ ਬਰਾੜ ਬੋਦੀ ਵਾਲਾ, ਜਨਰਲ ਸਕੱਤਰ ਤਰਸੇਮ ਸਿੰਘ, ਪਰੈਸ ਸਕੱਤਰ ਨਿਰਭੈ ਸਿੰਘ, ਅਜੈਬ ਸਿੰਘ ਪੱਕਾ, ਐਮਐਸਯੂ ਦੇ ਪ੍ਰਧਾਨ ਸਰਬਜੀਤ ਸਿੰਘ ਸਿੱਧੂ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਭੁੱਲਰ, ਵਨੀਤਾ ਗੁਪਤਾ, ਰਾਣੀ ਕੌਰ, ਯੂਨੀਅਨ ਦੇ ਲਖਵੰਤ ਸਿੰਘ (ਬਾਂਡੀ), ਟੀਐਸਯੂ ਦੇ ਪ੍ਰਧਾਨ ਵਿਜੈ ਕੁਮਾਰ ਵਰਮਾ ਹਾਜ਼ਰ ਸਨ।