ਨਵੀਂ ਦਿੱਲੀ, 8 ਅਪਰੈਲ
ਜਲਵਾਯੂ ਤਬਦੀਲੀ ਕਾਰਨ ਮੱਧ ਪੂਰਬ ਵਿੱਚ ਧੂੜ ਭਰੀਆਂ ਹਨੇਰੀਆਂ ਵਧ ਰਹੀਆਂ ਹਨ ਪਰ ਇਸ ਦੇ ਅਸਰ ਨਾਲ ਭਾਰਤ ਵਿੱਚ ਮੌਨਸੂਨੀ ਬਾਰਿਸ਼ ਵਧਣ ਦੀ ਸੰਭਾਵਨਾ ਹੈ। ਇਹ ਦਾਅਵਾ ਭਾਰਤੀ ਤਕਨੀਕੀ ਸੰਸਥਾ (ਆਈਆਈਟੀ) ਭੁਬਨੇਸ਼ਵਰ ਦੇ ਖੋਜਕਰਤਾਵਾਂ ਨੇ ਆਪਣੀ ਰਿਪੋਰਟ ਵਿੱਚ ਕੀਤਾ ਹੈ। ਇਹ ਰਿਪੋਰਟ ਹਾਲ ’ਚ ਜਰਨਲ ‘ਕਲਾਈਮੇਟ ਐਂਡ ਐਟਮੋਸਫੀਅਰਿਕ ਸਾਇੰਸ’ ਵਿੱਚ ਪ੍ਰਕਾਸ਼ਿਤ ਹੋਈ ਹੈ। ਰਿਪੋਰਟ ਮੁਤਾਬਕ ਮੱਧ ਪੂਰਬ ਦੇ ਰੇਗਿਸਤਾਨ ਵਿੱਚੋਂ ਉੱਡਣ ਵਾਲੀ ਧੂੜ ਅਰਬ ਸਾਗਰ ਤੱਕ ਪਹੁੰਚਦੀ ਹੈ ਅਤੇ ਇਸ ਨਾਲ ਦੱਖਣੀ ਏਸ਼ੀਆ ਵਿੱਚ ਬਾਰਿਸ਼ ਵਧ ਸਕਦੀ ਹੈ, ਖਾਸ ਕਰਕੇ ਉਸ ਸਮੇਂ ਜਦੋਂ ਭਾਰਤੀ ਖੇਤਰ ਵਿੱਚ ਸੋਕੇ ਵਾਲੇ ਹਾਲਾਤ ਹੋਣ। ਇਸ ਤੋਂ ਪਹਿਲੇ ਅਧਿਐਨ ਮੁਤਾਬਕ ਮੱਧ ਪੂਰਬ ਅਤੇ ਉੱਤਰੀ ਅਫ਼ਰੀਕਾ ਦੇ ਰੇਗਿਸਤਾਨ ਤੋਂ ਉੱਡਣ ਵਾਲੀ ਧੂੜ ਨਾਲ ਭਾਰਤ ਵਿੰਚ ਇੱਕ ਜਾਂ ਦੋ ਹਫ਼ਤੇ ਦੇ ਥੋੜ੍ਹੇ ਸਮੇਂ ਵਿੱਚ ਬਾਰਿਸ਼ ਦੀ ਦਰ ਵਧ ਜਾਂਦੀ ਹੈ।
ਅਧਿਐਨ ਮੁਤਾਬਕ ਇਹ ਇਸ ਕਰਕੇ ਸੰਭਵ ਹੁੰਦਾ ਹੈ, ਕਿਉਂਕਿ ਇਸ ਧੂੜ ਕਾਰਨ ਅਰਬ ਸਾਗਰ ਗਰਮ ਹੁੰਦਾ ਹੈ, ਜੋ ਭਾਰਤੀ ਖੇਤਰ ਵਿੱਚ ਨਮੀ ਵਾਲੀਆਂ ਹਵਾਵਾਂ ਤੇਜ਼ ਕਰਨ ਲਈ ਊਰਜਾ ਦਾ ਸੋਮਾ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਇਹ ਸਬੰਧ ਅਲ ਨੀਨੋ (ਸਮੁੰਦਰੀ ਧਾਰਾ) ਕਾਰਨ ਸੋਕੇ ਦੇ ਸਾਲਾਂ ਦੌਰਾਨ ਹੁਣ ਜ਼ਿਆਦਾ ਮਜ਼ਬੂਤ ਹੈ। ‘ਅਲ ਨੀਨੋ’ ਅਤੇ ‘ਲਾ ਨੀਨਾ’ ਪ੍ਰਸ਼ਾਂਤ ਮਹਾਸਾਗਰ ਦਾ ਜਲਵਾਯੂ ਪੈਟਰਨ ਹਨ, ਜਿਹੜੀਆਂ ਪੂਰੀ ਦੁਨੀਆ ਦੇ ਮੌਸਮ ਵਿੱਚ ਤਬਦੀਲੀ ਦੀ ਸਮਰੱਥਾ ਰੱਖਦੀਆਂ ਹਨ।
ਖੋਜਕਰਤਾ ਟੀਮ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਇਸ ਧੂੜ ਨਾਲ ਹੋਣ ਵਾਲੀ ਬਾਰਿਸ਼ ਦਾ ਅਸਰ ਪੂਰੇ ਦੱਖਣ ਏਸ਼ਿਆਈ ਮੌਨਸੂਨ ’ਤੇ ਹੁੰਦਾ ਹੈ ਅਤੇ ਇੱਥੋਂ ਤੱਕ ਕਿ ਇਹ ਸੋਕੇ ਦੀ ਸਥਿਤੀ ਵਿੱਚ ਵੀ ਬਾਰਿਸ਼ ਨੂੰ ਵਧਾਉਣ ਲਈ ਕੰਮ ਕਰਦੀ ਹੈ। ਆਈਆਈਟੀ ਭੁਬਨੇਸ਼ਵਰ ਵਿੱਚ ਧਰਤੀ, ਸਮੁੰਦਰ ਅਤੇ ਜਲਵਾਯੂ ਵਿਗਿਆਨ ਸਕੂਲ ਦੇ ਸਹਾਇਕ ਪ੍ਰੋਫੈਸਰ ਵੀ. ਵਿਨੋਜ ਨੇ ਕਿਹਾ, ‘‘ਜਲਵਾਯੂ ਤਬਦੀਲੀ ਕਾਰਨ ਭਾਰਤੀ ਖੇਤਰ ਵੱਡੇ ਪੈਮਾਨੇ ’ਤੇ ਬਾਰਿਸ਼ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਾਨਸੂਨ ਦੇ ਪੈਟਰਨ ਵਿੱਚ ਬਦਲਾਅ ਆਇਆ ਹੈ।’’
ਵਿਨੋਜ ਨੇ ਕਿਹਾ, ‘‘ਹਾਲਾਂਕਿ, ਆਲਮੀ ਤਪਸ਼ ਵਿੱਚ ਵਾਧੇ ਅਤੇ ਹਵਾਵਾਂ ਦੇ ਰੁਖ ਵਿੱਚ ਤਬਦੀਲੀ ਨਾਲ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਮੱਧ ਪੂਰਬੀ ਰੇਗਿਸਤਾਨਾਂ ਵਿੱਚ ਧੂੜ ਭਰੀਆ ਹਨੇਰੀਆਂ ਦਾ ਦੌਰ ਵਧੇਗਾ। ਅਨੁਕੂਲ ਸਥਿਤੀਆਂ ਵਿੱਚ ਇਹ ਧੂੜ ਕਣ ਅਰਬ ਸਾਗਰ ਤੱਕ ਜਾ ਸਕਦੇ ਹਨ ਅਤੇ ਇਸ ਨਾਲ ਭਾਰਤੀ ਖੇਤਰ ਵਿੱਚ ਥੋੜ੍ਹੇ ਸਮੇਂ ਲਈ ਪਰ ਭਾਰੀ ਬਾਰਿਸ਼ ਦਾ ਗੇੜ ਆ ਸਕਦਾ ਹੈ।’’ ਖੋਜਕਰਤਾਵਾਂ ਦੀ ਟੀਮ ਵਿੱਚ ਆਈਆਈਟੀ ਭੁਬਨੇਸ਼ਵਰ ਦੇ ਹੀ ਗੋਪੀਨਾਥ ਨੰਦਨੀ ਅਤੇ ਸਤੇਂਦਰ ਕੁਮਾਰ ਪਾਂਡੇ ਸ਼ਾਮਲ ਹਨ, ਜਿਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮਨੁੱਖੀ ਕਾਰਨਾਂ ਕਰਕੇ ਬਾਰਿਸ਼ ਵਿੱਚ ਕਮੀ ਆਈ ਹੈ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਵੀ ਇਹ ਪੈਟਰਨ ਜਾਰੀ ਰਹੇਗਾ। -ਪੀਟੀਆਈ