ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਨਵੰਬਰ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਸੀਪੀਆਈ ਐੱਮਐੱਲ ਲਬਿਰੇਸ਼ਨ ਵੱਲੋਂ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਕੱਟੇ ਕੁਨੈਕਸ਼ਨਾਂ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ ਅਤੇ ਪਿੰਡ ਵਿੱਚ ਚਾਰ ਗ਼ਰੀਬ ਪਰਿਵਾਰਾਂ ਦੇ ਕੱਟੇ ਬਿਜਲੀ ਕੁਨੈਕਸ਼ਨ ਜੋੜੇ ਗਏ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਤੇ ਲਬਿਰੇਸ਼ਨ ਆਗੂ ਕਾਮਰੇਡ ਗੋਬਿੰਦ ਸਿੰਘ ਛਾਜਜਲੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਆਪਣੇ ਚੋਣ ਵਾਅਦਿਆਂ ਵਿੱਚ ਮੁੱਖ ਵਾਅਦਾ ਪੰਜਾਬ ਅੰਦਰ ਬਿਜਲੀ ਰੇਟ ਸਸਤੇ ਕਰਨ ਦਾ ਕੀਤਾ ਗਿਆ ਸੀ ਪਰ ਸਰਕਾਰ ਨੇ ਇਹ ਵਾਅਦਾ ਭੁਲਾ ਦਿੱਤਾ ਹੈ ਅਤੇ ਲਗਾਤਾਰ ਘਰੇਲੂ ਬਿਜਲੀ ਰੇਟਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮਾੜੇ ਆਰਥਿਕ ਹਾਲਾਤਾਂ ਨਾਲ ਜੂਝ ਰਹੇ ਗਰੀਬ ਮਜ਼ਦੂਰ ਆਪਣੇ ਬਿਜਲੀ ਬਿੱਲ ਭਰਨ ਤੋਂ ਅਸਮਰੱਥ ਹਨ ਕਿਉਂਕਿ ਕਰੋਨਾ ਮਹਾਂਮਾਰੀ ਦੌਰਾਨ ਲੱਗੇ ਲੌਕਡਾਊਨ ਕਾਰਨ ਗਰੀਬ ਲੋਕਾਂ ਨੂੰ ਕੰਮ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਗਰੀਬ ਲੋਕਾਂ ਦੀ ਆਰਥਿਕ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਵੱਡੇ ਬਿਜਲੀ ਬਿੱਲ ਭੇਜੇ ਜਾ ਰਹੇ ਹਨ। ਬਿਜਲੀ ਬਿੱਲ ਭਰਨ ਤੋਂ ਅਸਮਰੱਥ ਗਰੀਬ ਪਰਿਵਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਕੇ ਉਨ੍ਹਾਂ ਦੇ ਘਰਾਂ ਵਿੱਚ ਹਨੇਰਾ ਕੀਤਾ ਜਾ ਰਿਹਾ ਹੈ ਜੋ ਕਿ ਬੇਇਨਸਾਫ਼ੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਵਿੱਚ ਚਾਰ ਗਰੀਬ ਪਰਿਵਾਰਾਂ ਦੇ ਕੱਟੇ ਬਿਜਲੀ ਕੁਨੈਕਸ਼ਨ ਅੱਜ ਜਥੇਬੰਦੀ ਵੱਲੋਂ ਜੋੜੇ ਗਏ ਹਨ ਅਤੇ ਐਲਾਨ ਕੀਤਾ ਹੈ ਕਿ ਜੇਕਰ ਗਰੀਬ ਪਰਿਵਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਤਾਂ ਜਥੇਬੰਦੀ ਖੁਦ ਲੋਕਾਂ ਦੀ ਤਾਕਤ ਬਣ ਕੇ ਕੁਨੈਕਸ਼ਨ ਜੋੜੇਗੀ ਅਤੇ ਕਿਸੇ ਗਰੀਬ ਦਾ ਮੀਟਰ ਪੁੱਟਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਚੋਣ ਵਾਅਦੇ ਅਨੁਸਾਰ ਬਿਜਲੀ ਦੇ ਰੇਟ ਅੱਧੇ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਆਗੂ ਅਨੀਤਾ ਖੇੜੀ, ਬਲਬੀਰ ਸਿੰਘ ਕੁਲਾਰਾਂ, ਹਰਪ੍ਰੀਤ ਕੌਰ ਧੂਰੀ, ਰਾਮ ਦਾਸ, ਨਿਰਮਲ ਸਿੰਘ, ਸ਼ਿੰਗਾਰਾ ਸਿੰਘ, ਰੋਡਾ ਸਿੰਘ ਤੇ ਨੂਰਾ ਬੇਗਮ ਹਾਜ਼ਰ ਸਨ।