ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 3 ਸਤੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵੱਲੋਂ ਰਿਫ਼ਰੈਸ਼ਰ ਕੋਰਸ ਅਤੇ ਇਕ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਆਨਲਾਈਨ ਵਿਧੀ ਰਾਹੀਂ ਕਰਵਾਏ ਜਾ ਰਹੇ ਦੋਹਾਂ ਪ੍ਰੋਗਰਾਮਾਂ ਲਈ ਸਾਂਝੇ ਤੌਰ ਤੇ ਰੱਖੇ ਗਏ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਡਾ. ਬੀਐੱਸ. ਘੁੰਮਣ ਵੱਲੋਂ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਧਿਆਪਨ ਅਤੇ ਖੋਜ ਆਪਸ ਵਿਚ ਦੋ ਪੂਰਕ ਵਿਸ਼ੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਯੂਜੀਸੀ ਵੱਲੋਂ ਇਸ ਦੀ ਅਕਾਦਮਿਕ ਗੁਣਵੱਤਾ ਦੇ ਅਧਾਰ ’ਤੇ ਆਨਲਾਈਨ ਵਿਧੀ ਰਾਹੀਂ ਇਹ ਕੋਰਸ ਲਗਾਉਣ ਦੀ ਵਿਸ਼ੇਸ਼ ਪ੍ਰਵਾਨਗੀ ਦਿੱਤੀ ਗਈ ਹੈ। ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬੱਤਰਾ ਵੱਲੋਂ ਪੰਜਾਬੀ ਯੂਨੀਵਰਸਿਟੀ ਬਾਰੇ ਚਾਨਣਾ ਪਾਇਆ ਗਿਆ। ਮਨੁੱਖੀ ਸਰੋਤ ਵਿਕਾਸ ਕੇਂਦਰ ਦੇ ਡਾਇਰੈਕਟਰ ਡਾ. ਮਨਰੁਚੀ ਕੌਰ ਨੇ ਸਿਆ ਕਿ 14 ਦਿਨ ਚੱਲਣ ਵਾਲੇ ਰਿਫ਼ਰੈਸ਼ਰ ਕੋਰਸ ਅਤੇ ਇੱਕ ਮਹੀਨਾ ਚੱਲਣ ਵਾਲੇ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਮਹਾਰਾਸ਼ਟਰ, ਕਰਨਾਟਕਾ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਆਦਿ ਰਾਜਾਂ ਦੇ ਉਚੇਰੀ ਸਿੱਖਿਆ ਨਾਲ ਸੰਬੰਧਤ ਵਿਦਿਅਕ ਅਦਾਰਿਆਂ ਦੇ ਅਧਿਆਪਕ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਰਿਫਰੈਸ਼ਰ ਕੋਰਸ ਦੇ ਕੋਆਰਡੀਨੇਟਰ ਡਾ. ਆਰਕੇ ਗੋਇਲ ਹਨ। ਦੋਹਾਂ ਪ੍ਰੋਗਰਾਮਾਂ ਵਿਚ ਸੌ ਦੇ ਕਰੀਬ ਅਧਿਆਪਕਾਂ ਸ਼ਿਰਕਤ ਕੀਤੀ।