ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਮਈ
ਨਗਰ ਸੁਧਾਰ ਟਰੱਸਟ ਖੰਨਾ ਵੱਲੋਂ ਜੀਟੀਬੀ ਮਾਰਕੀਟ ਵਿੱਚ ਸਥਿਤ ਇੱਕ ਸ਼ੋਅਰੂਮ ਨੂੰ ਜ਼ਬਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਪ੍ਰਾਪਰਟੀ ਇੱਕ ਅਕਾਲੀ ਕੌਂਸਲਰ ਦੀ ਮਾਲਕੀ ਹੈ। ਜਾਣਕਾਰੀ ਅਨੁਸਾਰ ਇਹ ਜ਼ਬਤੀ ਆਦੇਸ਼ ਇਸ ਸ਼ੋਅਰੂਮ ’ਚ ਨਕਸ਼ੇ ਦੇ ਉਲਟ ਕੀਤੀ ਗਈ ਉਸਾਰੀ ਤੇ ਵਾਧੂ ਛੱਡੀ ਬਿਲਡਿੰਗ ਕਾਰਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਈ ਸਾਲ ਪਹਿਲਾਂ ਸਾਬਕਾ ਕੌਂਸਲਰ ਅਨਿਲ ਦੱਤ ਫੱਲੀ ਨੇ ਹੀ ਸ਼ਿਕਾਇਤ ਕੀਤੀ ਸੀ ਜਿਸਦੀ ਕਈ ਸਾਲ ਪੜਤਾਲ ਚੱਲਦੀ ਰਹੀ ਤੇ ਫ਼ਿਰ ਟਰੱਸਟ ਵੱਲੋਂ ਸ਼ੋਅਰੂਮ ਨੂੰ ਜ਼ਬਤ ਕਰਨ ਦਾ ਮਤਾ ਪਾਸ ਕਰ ਕੇ ਸਰਕਾਰ ਨੂੰ ਭੇਜਿਆ ਗਿਆ ਸੀ। ਸਰਕਾਰ ਨੇ ਟਰੱਸਟ ਦੇ ਮਤੇ ਨੂੰ ਪ੍ਰਵਾਨ ਕਰਦਿਆਂ ਜ਼ਬਤੀ ਨੋਟਿਸ ਜਾਰੀ ਕੀਤਾ ਸੀ। ਟਰੱਸਟ ਦੇ ਈਓ ਹਰਿੰਦਰ ਸਿੰਘ ਚਾਹਲ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਾਰਨ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ।