ਨਵੀਂ ਦਿੱਲੀ, 17 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਰਤ ਦੀ ਸੁਰੱਖਿਆ ਨੀਤੀ ਹਮੇਸ਼ਾ ਵਿਦੇਸ਼ ਨੀਤੀ ਤੋਂ ਪ੍ਰਭਾਵਿਤ ਜਾਂ ਆਧਾਰਿਤ ਹੁੰਦੀ ਸੀ, ਪਰ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਜੋ ਦੇਸ਼ ਦੀ ਪਹਿਲੀ ਆਪਣੀ ਸੁਰੱਖਿਆ ਨੀਤੀ ਲੈ ਕੇ ਆਏ। ਉਹ ਅੱਜ ਇੱਥੇ ‘ਰੁਸਤਮਜੀ ਯਾਦਗਾਰੀ ਭਾਸ਼ਣ’ ਮੌਕੇ ਸੰਬੋਧਨ ਕਰ ਰਹੇ ਸਨ ਤੇ ਇਸ ਮੌਕੇ ਬੀਐੱਸਐੱਫ ਦੇ ਜਵਾਨ ਤੇ ਅਫ਼ਸਰ ਹਾਜ਼ਰ ਸਨ। ਉਨ੍ਹਾਂ ਦੇਸ਼ ਲਈ ਸੇਵਾ ਕਰਨ ਤੇ ਜਾਨਾਂ ਵਾਰਨ ਵਾਲਿਆਂ ਨੂੰ ਬਹਾਦੁਰੀ ਪੁਰਸਕਾਰ ਵੀ ਦਿੱਤੇ। ਉਨ੍ਹਾਂ ਕਿਹਾ, ‘ਸਾਡੀ ਇੱਛਾ ਹਰ ਕਿਸੇ ਨਾਲ ਸ਼ਾਂਤਮਈ ਸਬੰਧ ਬਣਾ ਕੇ ਰੱਖਣ ਦੀ ਹੈ ਪਰ ਜੇਕਰ ਕੋਈ ਸਾਡੀਆਂ ਸਰਹੱਦਾਂ ’ਤੇ ਗੜਬੜੀ ਕਰੇਗਾ ਜਾਂ ਸਾਡੀ ਪ੍ਰਭੂਸੱਤਾ ਨੂੰ ਚੁਣੌਤੀ ਦੇਵੇਗਾ ਤਾਂ ਇਸ ਨੂੰ ਢੁੱਕਵਾਂ ਜਵਾਬ ਦੇਣਾ ਸਾਡੀ ਸੁਰੱਖਿਆ ਨੀਤੀ ਤਹਿਤ ਪਹਿਲਾ ਕਦਮ ਹੋਵੇਗਾ।’ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਜਲਦੀ ਹੀ ਡਰੋਨਾਂ ਖ਼ਿਲਾਫ਼ ਤਕਨੀਕ ਵਿਕਸਿਤ ਕਰ ਲਵੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਤੇ ਤਕਨੀਕ ਵਿਕਾਸ ਸੰਸਥਾਵਾਂ ਮਸਨੂਈ ਬੌਧਿਕਤਾ ਤੇ ਰੌਬੋਟਿਕ ਤਕਨੀਕ ਦੇ ਵਿਕਾਸ ’ਤੇ ਵੀ ਕੰਮ ਕਰ ਰਹੀਆਂ ਹਨ।
-ਪੀਟੀਆਈ