ਨਵੀਂ ਦਿੱਲੀ, 17 ਜੁਲਾਈ
ਦੇਸ਼ ’ਚ ਇੱਕ ਦਿਨ ਅੰਦਰ ਕਰੋਨਾਵਾਇਰਸ ਦੇ 38,079 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ 3,10,64,908 ਹੋ ਗਈ ਹੈ ਜਦਕਿ 560 ਹੋਰ ਮਰੀਜ਼ਾਂ ਦੀ ਮੌਤ ਹੋਣ ਮਗਰੋਂ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ ਵਧ ਕੇ 4,13,091 ਹੋ ਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 4,24,025 ਹੋ ਗਈ ਹੈ ਜੋ ਕਿ ਕੁੱਲ ਕੇਸਾਂ ਦਾ 1.36 ਫੀਸਦ ਹਿੱਸਾ ਹੈ ਜਦਕਿ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਕੌਮੀ ਦਰ 97.31 ਫੀਸਦ ਹੈ। ਦੇਸ਼ ’ਚ ਹੁਣ ਤੱਕ 3,02,27,792 ਲੋਕ ਠੀਕ ਹੋ ਚੁੱਕੇ ਹਨ। ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ 39.96 ਕਰੋੜ ਲੋਕਾਂ ਨੂੰ ਕਰੋਨਾ ਰੋਕੂ ਟੀਕੇ ਦੀਆਂ ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ। ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਰੋਨਾ ਰੋਕੂ ਟੀਕੇ ਦੀਆਂ 41.69 ਕਰੋੜ ਖੁਰਾਕਾਂ ਮੁਹੱਈਆ ਕੀਤੀਆਂ ਗਈਆਂ ਹਨ ਤੇ ਇਸ ਸਮੇਂ ਰਾਜਾਂ/ਯੂਟੀਜ਼ ਤੇ ਪ੍ਰਾਈਵੇਟ ਹਸਪਤਾਲਾਂ ਕੋਲ 2.74 ਕਰੋੜ ਖੁਰਾਕਾਂ ਪਈਆਂ ਹਨ। ਸੂਤਰਾਂ ਨੇ ਦੱਸਿਆ ਕਿ ਕੇਂਦਰ ਨੇ ਇਸ ਸਾਲ ਅਗਸਤ ਤੇ ਦਸੰਬਰ ਵਿਚਾਲੇ ਕੋਵੀਸ਼ੀਲਡ ਤੇ ਕੋਵੈਕਸੀਨ ਟੀਕੇ ਕ੍ਰਮਵਾਰ 205 ਤੇ 215 ਰੁਪਏ ਪ੍ਰਤੀ ਖੁਰਾਕ ਦੀ ਸੋਧੀ ਦਰ ਤਹਿਤ 66 ਕਰੋੜ ਤੋਂ ਵੱਧ ਖੁਰਾਕਾਂ ਖਰੀਦਣ ਦਾ ਆਰਡਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ 37.5 ਕਰੜ ਖੁਰਾਕਾਂ ਤੇ ਭਾਰਤ ਬਾਇਓਟੈੱਕ ਤੋਂ 28.5 ਕਰੋੜ ਖੁਰਾਕਾਂ ਖਰੀਦੇਗੀ।
-ਪੀਟੀਆਈ