ਸੰਜੀਵ ਬੱਬੀ
ਚਮਕੌਰ ਸਾਹਿਬ, 3 ਨਵੰਬਰ
ਚਮਕੌਰ ਸਾਹਿਬ-ਰੂਪਨਗਰ ਸੜਕ ’ਤੇ ਕਮਾਲਪੁਰ ਟੌਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਅੱਜ ਧਰਨੇ ਦੌਰਾਨ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਹ ਧਰਨਾ ਪਿਛਲੇ 21 ਦਿਨਾਂ ਤੋਂ ਜਾਰੀ ਹੈ। ਇਸ ਮੌਕੇ ਪੁੱਜੇ ਅੰਤਰਰਾਸ਼ਟਰੀ ਖੇਡ ਪਰਮੋਟਰ ਨਰਿੰਦਰ ਸਿੰਘ ਕੰਗ ਨੇ ਕਿਹਾ ਕਿ ਉਹ ਵੀ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਤੇ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਕਿਸਾਨਾਂ ਨਾਲ ਅਜਿਹਾ ਵਰਤਾਰਾ ਕਦੇ ਵੀ ਕਿਸੇ ਸਰਕਾਰ ਵੱਲੋਂ ਕੀਤਾ ਨਹੀਂ ਵੇਖਿਆ। ਊਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਉਜਾੜ ਕੇ ਕਰ ਰਹੀ ਹੈ। ਊਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ 5 ਨਵੰਬਰ ਨੂੰ ਭਾਰਤ ਬੰਦ ਦਾ ਹਿੱਸਾ ਬਣਨ ਅਤੇ ਪਿੰਡ ਸਿੰਘ ਵਿਖੇ ਮੇਨ ਸੜਕ ’ਤੇ ਪਹੁੰਚਣ ਤਾਂ ਜੋ ਕਿ ਉੱਥੇ ਚੱਕਾ ਜਾਮ ਕੀਤਾ ਜਾ ਸਕੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਮੀਤ ਪ੍ਰਧਾਨ ਤਲਵਿੰਦਰ ਸਿੰਘ ਗੱਗੋਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਸਬੰਧੀ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ ਜਾਂਦੀ, ਊਸ ਸਮੇਂ ਤੱਕ ਕਿਸਾਨਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਤੇ ਧਰਨੇ ਜਾਰੀ ਰਹਿਣਗੇ। ਕਿਸਾਨਾਂ ਵੱਲੋਂ ਟੋਲ ਪਲਾਜ਼ਾ ’ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਕਿਸੇ ਵੀ ਮੁੱਦੇ ’ਤੇ ਗੱਲ ਕਰਨ ਤੋਂ ਪਾਸਾ ਵੱਟ ਰਹੀ ਹੈ ਪਰ ਕਿਸਾਨਾਂ ਦਾ ਸੰਘਰਸ਼ ਮੰਗਾਂ ਮਨਵਾਉਣ ਵਿੱਚ ਸਫ਼ਲ ਰਹੇਗਾ ਅਤੇ ਜਿੱਤ ਪ੍ਰਾਪਤ ਕਰੇਗਾ।
ਇਸ ਮੌਕੇ ਲੇਖਕ ਤੇ ਕਹਾਣੀਕਾਰ ਖੋਜੀ ਕਾਫ਼ਿਰ, ਕਿਸਾਨ ਆਗੂ ਦਰਸ਼ਨ ਸਿੰਘ, ਬਲਵੰਤ ਸਿੰਘ, ਬਾਈ ਪਰਮਿੰਦਰ ਸਿੰਘ ਸੇਖੋਂ, ਗਿਆਨ ਸਿੰਘ, ਜਤਿੰਦਰ ਸਿੰਘ ਗੋਗੀ ਅਤੇ ਉਜਾਗਰ ਸਿੰਘ ਹਾਜ਼ਰ ਸਨ।