ਸਰਬਜੀਤ ਸਿੰਘ ਭੱਟੀ
ਲਾਲੜੂ, 3 ਨਵੰਬਰ
ਲੈਹਲੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਇਸੇ ਦੌਰਾਨ ਇਕ ਮੁਲਜ਼ਮ ਫਰਾਰ ਹੋ ਗਿਆ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਇਕ ਮੁਲਜ਼ਮ ਬਾਲਗ ਅਤੇ ਦੋ ਮੁਲਜ਼ਮ ਨਾਬਾਲਗ ਹਨ।
ਨਾਹਰ ਪੁਲੀਸ ਚੌਕੀ ਦੇ ਇੰਚਾਰਜ ਹਰਕੇਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਤਿੰਨ ਨੌਜਵਾਨ ਚੋਰੀ ਦੇ ਮੋਟਰਸਾਈਕਲ ਲੈ ਕੇ ਲਾਲੜੂ ਤੋਂ ਚੰਡੀਗੜ੍ਹ ਜਾ ਰਹੇ ਹਨ। ਪੁਲੀਸ ਨੇ ਮੁੱਖ ਮਾਰਗ ’ਤੇ ਲੈਹਲੀ ਟੀ-ਪੁਆਇੰਟ ਕੋਲ ਨਾਕੇਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ। ਇਸੇ ਦੌਰਾਨ ਤਿੰਨ ਨੌਜਵਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆ ਰਹੇ ਸਨ। ਸ਼ੱਕ ਦੇ ਆਧਾਰ ’ ਤੇ ਊਨ੍ਹਾਂ ਨੂੰ ਰੋਕ ਕੇ ਜਾਂਚ ਕੀਤੀ ਤਾਂ ਊਹ ਮੋਟਰਸਾਈਕਲਾਂ ਸਬੰਧੀ ਕੋਈ ਵੀ ਦਸਤਾਵੇਜ਼ ਨਾ ਦਿਖਾ ਸਕੇੇ। ਜਦੋਂ ਪੁਲੀਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਤਾਂ ਤਿੰਨਾਂ ਨੌਜਵਾਨਾਂ ਨੇ ਮੋਟਰਸਾਈਕਲ ਚੋਰੀ ਕੀਤੇ ਜਾਣ ਦੀ ਗੱਲ ਕਬੂਲ ਕਰ ਲਈ। ਪੁਲੀਸ ਨੂੰ ਦੱਸਿਆ ਕਿ ਮੁਲਜ਼ਮਾਂ ਦਾ ਇਕ ਸਾਥੀ ਉਨ੍ਹਾਂ ਦੇ ਫੜੇ ਜਾਣ ਦੀ ਖ਼ਬਰ ਸੁਣ ਕੇ ਫਰਾਰ ਹੋ ਗਿਆ।
ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸ਼ੰਕਰ ਕੁਮਾਰ (21) ਵਾਸੀ ਸੈਦਪੁਰਾ (ਹਰਿਆਣਾ) ਅਤੇ ਦੋ ਨਾਬਾਲਗ ਮੁਲਜ਼ਮਾਂ ਦੀ ਉਮਰ 15 ਤੇ 16 ਸਾਲ ਹੈ। ਊਹ ਯੂਪੀ ਦੇ ਰਹਿਣ ਵਾਲੇ ਹਨ। ਮੁਲਜ਼ਮ ਸਰਦਾਰਪੁਰਾ ਤੇ ਗੁਰੂ ਨਾਨਕ ਕਲੋਨੀ ਲਾਲੜੂ ’ਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਅਦਾਲਤ ਨੇ ਸ਼ੰਕਰ ਕੁਮਾਰ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ ਅਤੇ ਨਾਬਾਲਗ ਮੁਲਜ਼ਮਾਂ ਨੂੰ ਕੇਂਦਰੀ ਸੁਧਾਰ ਘਰ ਵਿੱਚ ਭੇਜ ਦਿੱਤਾ ਗਿਆ ਹੈ।
8.90 ਗਰਾਮ ਹੈਰੋਇਨ ਸਣੇ ਮੁਲਜ਼ਮ ਕਾਬੂ
ਪੰਚਕੂਲਾ (ਪੱਤਰ ਪ੍ਰੇਰਕ): ਇਥੋਂ ਦੀ ਕ੍ਰਾਈਮ ਬ੍ਰਾਂਚ ਨੇ ਇਕ ਮੁਲਜ਼ਮ ਨੂੰ 8.90 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਾ ਨਾਮ ਪਵਨ ਉਰਫ ਪੰਮਾ ਵਾਸੀ ਆਰਾ ਜ਼ਿਲ੍ਹਾ ਗੋਰਖਪੁਰ, ਉੱਤਰ-ਪ੍ਰਦੇਸ਼ ਤੇ ਹਾਲ ਵਾਸੀ ਸੈਕਟਰ-19 ਪੰਚਕੂਲਾ ਵਜੋਂ ਹੋਈ ਹੈ। ਵੇਰਵਿਆਂ ਅਨੁਸਾਰ ਕ੍ਰਾਈਮ ਬ੍ਰਾਂਚ ਦੀ ਟੀਮ ਕਮਿਊਨਿਟੀ ਸੈਂਟਰ ਸੈਕਟਰ-12-ਏ ਕੋਲ ਮੌਜੂਦ ਸੀ। ਇਸੇ ਦੌਰਾਨ ਇਕ ਨੌਜਵਾਨ ਨੇ ਕ੍ਰਾਈਮ ਟੀਮ ਨੂੰ ਵੇਖਿਆ ਤਾਂ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ। ਟੀਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣਾ ਸੰਤੁਲਨ ਗਵਾ ਬੈਠਾ ਅਤੇ ਮੋਟਰਸਾਈਕਲ ਤੋਂ ਡਿੱਗ ਪਿਆ। ਕ੍ਰਾਈਮ ਟੀਮ ਨੇ ਉਸ ਨੂੰ ਉਠਾਇਆ ਤਾਂ ਨੌਜਵਾਨ ਨੇ ਆਪਣੀ ਜੇਬ ਵਿੱਚੋਂ ਕੁਝ ਸਾਮਾਨ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ। ਟੀਮ ਨੇ ਜਦੋਂ ਇਸ ਪਦਾਰਥ ਦੀ ਜਾਂਚ ਕੀਤੀ ਤਾਂ ਊਹ ਹੈਰੋਇਨ ਨਿਕਲੀ। ਇਸ ਤੋਂ ਬਾਅਦ ਸੈਕਟਰ-14 ਦੇ ਪੁਲੀਸ ਸਟੇਸ਼ਨ ਵਿੱਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਪਵਨ ਕੁਮਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਰਿਮਾਂਡ ਉੱਤੇ ਭੇਜ ਦਿੱਤਾ ਹੈ।