ਪ੍ਰਭੂ ਦਿਆਲ
ਸਿਰਸਾ, 9 ਜੂਨ
ਪਿੰਡਾਂ ਵਿੱਚ ਵੱਧ ਰਹੇ ਨਸ਼ੇ ਤੇ ਨਸ਼ਿਆਂ ਨਾਲ ਹੋਰ ਰਹੀਆਂ ਨੌਜਵਾਨਾਂ ਮੌਤਾਂ ਤੋਂ ਤੰਗ ਆਏ ਪਿੰਡ ਬੇਗੂ ਦੇ ਲੋਕਾਂ ਨੇ ਐੱਮਪੀ ਸੁਨੀਤਾ ਦੁੱਗਲ ਨੂੰ ਪੀਡਬਲਿਊਡੀ ਰੈਸਟ ਹਾਊਸ ’ਚ ਘੇਰਿਆ। ਪਿੰਡ ਦੇ ਲੋਕਾਂ ਨੇ ਕੀਫੀ ਦੇਰ ਤੱਕ ਸੁਨੀਤਾ ਦੁੱਗਲ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਤਪਦੀ ਦੁਪਹਿਰ ’ਚ ਰੈਸਟ ਹਾਊਸ ਦੇ ਬਾਹਰ ਧਰਨਾ ਦਿੱਤਾ। ਬਾਅਦ ਵਿੱਚ ਸੁਨੀਤਾ ਦੁੱਗਲ ਨੇ ਪਿੰਡ ਤੋਂ ਆਏ ਲੋਕਾਂ ਦੀ ਗੱਲ ਸੁਣੀ ਤੇ ਐੱਸਪੀ ਨੂੰ ਨਸ਼ਾ ਰੋਕਣ ਲਈ ਹੋਰ ਸਖ਼ਤਾਈ ਕਰਨ ਲਈ ਕਿਹਾ। ਪਿੰਡੋਂ ਆਏ ਲੋਕ, ਜਿਨ੍ਹਾਂ ਵਿੱਚ ਮਹਿਲਾਵਾਂ ਵੀ ਵੱਡੀ ਗਿਣਤੀ ’ਚ ਮੌਜੂਦ ਸਨ, ਨੇ ਦੱਸਿਆ ਕਿ ਪਿੰਡ ਵਿੱਚ ਵੱਡੀ ਮਾਤਰਾ ਵਿੱਚ ਚਿੱਟਾ ਵਿਕ ਰਿਹਾ ਹੈ। ਚਿੱਟੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਪੁਲੀਸ ਨੂੰ ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਇਸ ਮੌਕੇ ’ਤੇ ਚੰਦਰ ਪ੍ਰਕਾਸ਼, ਮਹਿੰਦਰ, ਦੀਪਕ, ਮੇਹਰ ਚੰਦ, ਓਮ ਪ੍ਰਕਾਸ਼, ਸੁਰਜੀਤ ਸਿੰਘ, ਸਿਲੋਚਨਾ, ਸੰਤਰੋ ਦੇਵੀ ਤੇ ਸੁਰਜੀਤ ਕੌਰ ਸਣੇ ਕਈ ਲੋਕ ਮੌਜੂਦ ਸਨ।