ਬੀਐੱਸ ਚਾਨਾ
ਕੀਰਤਪੁਰ ਸਾਹਿਬ, 27 ਅਗਸਤ
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਨੀਮ ਪਹਾੜੀ ਖੇਤਰ ਵਿਚ ਸੈਰ ਸਪਾਟਾ ਸਨਅਤ ਨੂੰ ਪ੍ਰਫੁੱਲਤ ਕਰਨ ਲਈ ਕੋਸ਼ਿਸਾਂ ਜਾਰੀ ਹਨ ਤੇ ਇਸ ਨਾਲ ਇਲਾਕਾ ਖੁਸ਼ਹਾਲ ਹੋਵੇਗਾ। ਇਹ ਗੱਲ ਵਿਧਾਇਕ ਅਤੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਸ ਵੱਲੋਂ ਅੱਜ ਚੰਗਰ ਇਲਾਕੇ ਵਿਚ ਆਪਣੇ ਦੌਰੇ ਦੌਰਾਨ ਕਹੀ ਗਈ। ਅੱਜ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਚੰਗਰ ਇਲਾਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਪਹਾੜਪੁਰ ਵਿਚ ਚੰਗਰ ਗੁੱਜਰ ਵੈਲਫੇਅਰ ਸਭਾ ਵੱਲੋਂ ਦਸਵੀਂ ਅਤੇ ਬਾਹਰਵੀਂ ਦੇ ਵਿਦਿਆਰਥੀਆਂ ਦੇ ਸਨਮਾਨ ਵਿਚ ਰੱਖੇ ਵਿਸੇਸ਼ ਸਮਾਗਮ ਮੌਕੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਈ ਜ਼ਿਕਰਯੋਗ ਉਪਰਾਲੇ ਕਰ ਰਹੀ ਹੈ। ਚੰਗਰ ਦਾ ਇਲਾਕਾ ਅਜਿਹਾ ਨੀਮ ਪਹਾੜੀ ਇਲਾਕਾ ਹੈ, ਜਿਥੋਂ ਦੇ ਲੋਕਾਂ ਨੇ ਆਜ਼ਾਦੀ ਤੋਂ ਬਾਅਦ ਸਿੰਜਾਈ ਅਤੇ ਪੀਣ ਵਾਲੇ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ। ਲੋਕਾਂ ਨਾਲ ਇਹ ਵਾਅਦਾ ਹੈ ਕਿ ਦੋ ਸਾਲ ਵਿਚ ਸਿੰਜਾਈ ਅਤੇ ਪੀਣ ਵਾਲਾ ਪਾਣੀ ਹਰ ਖੇਤ ਤੇ ਹਰ ਘਰ ਨੂੰ ਮਿਲੇਗਾ। ਮੋਹੀਵਾਲ ਤੋਂ ਇਸ ਦੀ ਸੁਰੂਆਤ ਕਰ ਦਿੱਤੀ ਹੈ, ਪੜਾਅਵਾਰ ਹਰ ਥਾ ਪਾਣੀ ਪਹੁੰਚਾਇਆ ਜਾਵੇਗਾ।