ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 13 ਮਾਰਚ
ਇਥੇ ਬਾਬੈਨ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਕੁਸ਼ਤੀ ਦੇ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਦੰਗਲ ਕਰਵਾਇਆ ਗਿਆ। ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਪਹਿਲਵਾਨ ਪਵਨ ਮਖਾਲਾ ਤੇ ਸੰਜੀਵ ਯਮੁਨਾਨਗਰ ਦਾ ਹੱਥ ਮਿਲਾ ਕੇ ਦੰਗਲ ਦਾ ਸ਼ੁਭ ਅਰੰਭ ਕਰਾਇਆ। ਉਨ੍ਹਾਂ ਨੇ ਪਹਿਲਵਾਨਾਂ ਨੂੰ 11 ਹਜ਼ਾਰ ਰੁਪਏ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਦੰਗਲ ਵਿੱਚ ਹਰਿਆਣਾ ਤੋਂ ਇਲਾਵਾ ਦਿੱਲੀ, ਪੰਜਾਬ, ਯੂਪੀ, ਹਿਮਾਚਲ ਸਣੇ ਕਈ ਸੂਬਿਆਂ ਤੋਂ ਆਏ ਪਹਿਲਵਾਨਾਂ ਨੇ ਆਪਣਾ ਦਮ ਖਮ ਦਿਖਾਇਆ। ਵਿਧਾਇਕ ਨੇ ਕਿਹਾ ਕਿ ਅੱਜ ਪੂਰੇ ਸੰਸਾਰ ਵਿੱਚ ਖੇਡਾਂ ਦਾ ਵਿਸ਼ੇਸ਼ ਮਹੱਤਵ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੇ ਸ਼ਾਸ਼ਨ ਕਾਲ ਵਿੱਚ ਸੂਬੇ ਦੇ ਖਿਡਾਰੀਆਂ ਨੂੰ ਨਕਦ ਇਨਾਮ ਦੇਣ ਤੋਂ ਇਲਾਵਾ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦਿੱਤਾ। ਪਿੰਡ ਦੀ ਪੰਚਾਇਤ ਵੱਲੋਂ ਕਰਵਾਇਆ ਗਿਆ ਦੰਗਲ ਸਲਾਹੁਣ ਯੋਗ ਹੈ। ਅਜਿਹੇ ਸਮਾਗਮਾਂ ਨਾਲ ਪਿੰਡਾਂ ਵਿੱਚ ਨੌਜਵਾਨ ਪਹਿਲਾਵਾਨਾਂ ਨੂੰ ਚੰਗੀ ਪ੍ਰੇਰਣਾ ਮਿਲੇਗੀ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਵਿੱਚ ਖੇਡਾਂ ਨੂੰ ਮਹੱਤਵਪੂਰਨ ਅੰਗ ਬਨਾਉਣ ਲਈ ਪ੍ਰੇਰਿਆ ਤਾਂ ਜੋ ਉਹ ਆਪਣੇ ਜੀਵਨ ਵਿੱਚ ਅੱਗੇ ਵੱਧ ਸਕਣ। ਇਸ ਮੌਕੇ ਪਵਨ ਮਖਾਲਾ ਨੇ ਸੰਜੀਵ ਯਮੁਨਾਨਗਰ, ਵਿੱਕੀ ਯਮੁਨਾਨਗਰ ਨੇ ਸੰਦੀਪ ਲੁਧਿਆਣਾ ਨੂੰ, ਰਾਮ ਨਾਥ ਰਾਮ ਸਰਨ ਮਾਜਰਾ ਨੇ ਆਸੀਨ ਕੈਥਲ ਨੂੰ ਹਰਾਇਆ। ਅਸ਼ੋਕ ਪਹਿਲਵਾਨ ਮਖਾਲਾ ਤੇ ਅੰਕੁਸ਼ ਪਹਿਲਵਾਨ ਅਮੀਨ ਵਿੱਚ ਮੁਕਾਬਲਾ ਬਰਾਬਰ ਰਿਹਾ।