ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 7 ਮਈ
ਪਿੰਡ ਉੱਭਾਵਾਲ ਵਿੱਚ ਬੱਸ ਦੀ ਸੀਟ ਪਿੱਛੇ ਉੱਭਾਵਾਲ ਅਤੇ ਨਮੋਲ ਦੇ ਦੋ ਗੁੱਟਾਂ ਦੇ ਨੌਜਵਾਨਾਂ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਲੜਾਈ ਹੋਈ ਜਿਸ ਵਿੱਚ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਇੱਕ ਨੂੰ ਸੁਨਾਮ ਅਤੇ ਇਕ ਨੂੰ ਸੰਗਰੂਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਐੱਸਐੱਚਓ ਜਗਮੇਲ ਸਿੰਘ ਨੇ ਦੱਸਿਆ ਕਿ ਕੱਲ੍ਹ ਨਮੋਲ ਤੋਂ ਕੁਝ ਨੌਜਵਾਨ ਸੰਗਰੂਰ ਪੜ੍ਹਨ ਲਈ ਆ ਰਹੇ ਸਨ ਅਤੇ ਰਸਤੇ ਵਿੱਚ ਉੱਭਾਵਾਲ ਵਿੱਚ ਨੌਜਵਾਨਾਂ ਨਾਲ ਸੀਟ ਪਿੱਛੇ ਆਪਸੀ ਤਕਰਾਰ ਹੋ ਗਿਆ। ਇਸ ਤਕਰਾਰ ਦੌਰਾਨ ਅੱਜ ਜਦੋਂ ਫਿਰ ਨੌਜਵਾਨ ਨਮੋਲ ਤੋਂ ਆਪਣੇ ਕੁਝ ਸਾਥੀਆਂ ਤੇ ਪੰਚਾਇਤ ਵਾਲਿਆਂ ਨਾਲ ਉੱਭਾਵਾਲ ਪਹੁੰਚੇ ਤਾਂ ਇੱਥੇ ਕੁਝ ਨੌਜਵਾਨਾਂ ਨਾਲ ਲੜਾਈ ਹੋ ਗਈ। ਇਸ ਲੜਾਈ ਦੌਰਾਨ ਡਾਂਗਾਂ ਸੋਟੀਆਂ ਅਤੇ ਗੰਡਾਸੇ ਚਲਾਏ ਗਏ। ਇਸ ਲੜਾਈ ਦੌਰਾਨ ਪਿੰਡ ਨਮੋਲ ਦਾ ਲਖਵਿੰਦਰ ਸਿੰਘ ਅਤੇ ਉੱਭਾਵਾਲ ਦੇ ਬਿੱਕਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀਆਂ ਵਿੱਚੋਂ ਲਖਵਿੰਦਰ ਸਿੰਘ ਨੂੰ ਨਮੋਲ ਦੇ ਸਿਵਲ ਹਸਪਤਾਲ ਅਤੇ ਬਿੱਕਰ ਸਿੰਘ ਨੂੰ ਸੰਗਰੂਰ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਐੱਸਐੱਚਓ ਜਗਮੇਲ ਸਿੰਘ ਦੇ ਦੱਸਣ ਅਨੁਸਾਰ ਅਜੇ ਦੋਵੇਂ ਪਾਰਟੀਆਂ ਦੇ ਵਿਅਕਤੀਆਂ ਦੇ ਜ਼ਖਮੀ ਹੋਣ ਕਾਰਨ ਬਿਆਨ ਨਹੀਂ ਹੋ ਸਕੇ ਜਿਸ ਕਾਰਨ ਅਜੇ ਪਰਚਾ ਦਰਜ ਨਹੀਂ ਕੀਤਾ ਗਿਆ।
ਮਗਨਰੇਗਾ ਦੇ ਕੰਮ ਦੀ ਦੇਖ-ਰੇਖ ਕਰ ਰਹੇ ਸਰਪੰਚ ’ਤੇ ਹਮਲਾ
ਸ਼ੇਰਪੁਰ (ਬੀਰਬਲ ਰਿਸ਼ੀ): ਇੱਥੇ ਅੱਜ ਸ਼ਾਮ ਪੱਤੀ ਖਲੀਲ ਦੇ ਸਰਪੰਚ ਰਣਜੀਤ ਸਿੰਘ ਬਿੱਲੂ ’ਤੇ ਕਥਿਤ ਹਮਲਾ ਹੋਣ ਮਗਰੋਂ ਜਖ਼ਮੀ ਹਾਲਤ ਵਿੱਚ ਸਰਪੰਚ ਨੂੰ ਉਸ ਦੇ ਸਮਰਥਕਾਂ ਨੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ। ਇਸ ਮਗਰੋਂ ਜਿੱਥੇ ਬਲਾਕ ਪੰਚਾਇਤ ਯੂਨੀਅਨ ਸਰਪੰਚ ਦੀ ਹਮਾਇਤ ਵਿੱਚ ਉੱਤਰ ਆਈ ਹੈ ਉੱਥੇ ਹੀ ਐੱਸਐੱਚਓ ਸ਼ੇਰਪੁਰ ਸੁਖਵਿੰਦਰ ਕੌਰ ਆਪਣੀ ਪੁਲੀਸ ਪਾਰਟੀ ਸਮੇਤ ਹਸਪਤਾਲ ਪੁੱਜੇ। ਇਲਾਜ ਲਈ ਸਰਪੰਚ ਨੂੰ ਸਰਕਾਰੀ ਹਸਪਤਾਲ ਧੂਰੀ ਵਿੱਖ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਮੌਕੇ ਸਰਪੰਚ ਰਣਜੀਤ ਸਿੰਘ ਬਿੱਲੂ ਨੇ ਆਪਣੇ ਸਾਥੀ ਸਰਪੰਚਾਂ ਤੇ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਕਿ ਕਿ ਕਬਰਿਸਥਾਨ ਕੋਲ ਮਗਨਰੇਗਾ ਦੇ ਚੱਲ ਰਹੇ ਕੰਮ ਦੀ ਉਹ ਦੇਖਰੇਖ ਕਰ ਰਿਹਾ ਸੀ ਕਿ ਉੱਥੇ ਅਚਾਨਕ ਹੀ ਇੱਕ ਵਿਅਕਤੀ ਨੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਜਖ਼ਮੀ ਹੋ ਗਿਆ। ਉਨ੍ਹਾਂ ਸਬੰਧਤ ਵਿਅਕਤੀ ’ਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਦਾ ਵੀ ਦੋਸ਼ ਲਾਇਆ। ਐੱਸਐੱਚਓ ਸ਼ੇਰਪੁਰ ਸੁਖਵਿੰਦਰ ਕੌਰ ਨੇ ਕਿਹਾ ਕਿ ਥਾਣੇਦਾਰ ਗੁਰਪਾਲ ਸਿੰਘ ਨੂੰ ਜਾਂਚ ਸੌਂਪੀ ਗਈ ਹੈ ਅਤੇ ਜ਼ਖ਼ਮੀ ਸਰਪੰਚ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।