ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਨਵੰਬਰ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਵਿਭਾਗ ਦੀ ਸਮੀਖਿਆ ਲਈ ਬੁਲਾਈ ਉੱਚ ਪੱਧਰੀ ਮੀਟਿੰਗ ਕਰਨ ਮਗਰੋਂ, ਦੱਸਿਆ ਕਿ ਗੋਇੰਦਵਾਲ ਸਾਹਿਬ ਵਿੱਚ ਉਸਾਰੀ ਜਾ ਰਹੀ ਨਵੀਂ ਕੇਂਦਰੀ ਜੇਲ੍ਹ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ, ਜਿਹੜੀ ਕਿ ਦਸੰਬਰ ਦੇ ਅੱਧ ਵਿੱਚ ਜੇਲ੍ਹ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੋਇੰਦਵਾਲ ਸਾਹਿਬ ਵਿੱਚ 185 ਕਰੋੜ ਰੁਪਏ ਦੀ ਲਾਗਤ ਨਾਲ 2780 ਕੈਦੀਆਂ ਦੀ ਸਮਰੱਥਾ ਵਾਲੀ ਕੇਂਦਰੀ ਜੇਲ੍ਹ ਉਸਾਰੀ ਗਈ ਹੈ। ਇਸ ਨਾਲ ਸੂਬੇ ਵਿੱਚ ਕੇਂਦਰੀ ਜੇਲ੍ਹਾਂ ਦੀ ਗਿਣਤੀ 10 ਅਤੇ ਕੁੱਲ ਜੇਲ੍ਹਾਂ ਦੀ ਗਿਣਤੀ 26 ਹੋ ਜਾਵੇਗੀ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਮੁਹਾਲੀ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕੈਦੀਆਂ ਨੂੰ ਹੁਣ ਰੋਪੜ ਤੇ ਪਟਿਆਲਾ ਜੇਲ੍ਹ ਭੇਜਣਾ ਪੈਂਦਾ ਹੈ, ਜਿਸ ਸਬੰਧੀ ਮੁਹਾਲੀ ਜ਼ਿਲ੍ਹੇ ਵਿੱਚ ਨਵੀਂ ਜੇਲ੍ਹ ਬਣਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ।