ਪ੍ਰੋ. ਪ੍ਰੀਤਮ ਸਿੰਘ
ਸ੍ਰੀ ਦੌਲਤ ਰਾਮ ਚੌਧਰੀ (1935-2021) ਅਧਿਆਪਕ, ਬੁੱਧੀਜੀਵੀ ਅਤੇ ਸਮਾਜਿਕ ਕਾਰਕੁਨ ਸਨ ਜਿਨ੍ਹਾਂ ਆਪਣੀ ਸਾਰੀ ਜਿ਼ੰਦਗੀ ਪ੍ਰਗਤੀਸ਼ੀਲ ਵਿਚਾਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਅਤੇ ਸਮਾਜਿਕ ਤੌਰ ਤੇ ਤਬਦੀਲੀਮੁਖੀ ਜਥੇਬੰਦਕ ਢਾਂਚਿਆਂ ਦੀਆਂ ਬਣਤਰਾਂ ਬਣਾਉਂਦਿਆਂ ਤੇ ਅਜਿਹੇ ਅੰਦੋਲਨਾਂ ਨੂੰ ਅੱਗੇ ਵਧਾਉਂਦਿਆਂ ਗੁਜ਼ਾਰ ਦਿੱਤੀ। ਸਾਰੀ ਉਮਰ ਉਲਟ ਹਾਲਾਤ ਨਾਲ ਸ਼ਾਨਦਾਰ ਢੰਗ ਨਾਲ ਜੂਝਣ ਵਾਲੇ ਚੌਧਰੀ ਸਾਹਿਬ ਆਖ਼ਰ ਪਹਿਲੀ ਜੂਨ ਨੂੰ ਗੁੜਗਾਉਂ ਵਿਚ ਕੋਵਿਡ-19 ਕਾਰਨ ਪੈਦਾ ਹੋਈਆਂ ਸਿਹਤ ਉਲਝਣਾਂ ਅੱਗੇ ਹਾਰ ਗਏ।
ਉਨ੍ਹਾਂ ਦਾ ਜਨਮ ਹਰਿਆਣਾ ਦੇ ਮਸ਼ਹੂਰ ਪਿੰਡ ਚੌਟਾਲਾ ਵਿਚ ਇਕ ਕਿਸਾਨ ਪਰਿਵਾਰ ਵਿਚ ਹੋਇਆ ਅਤੇ ਉਨ੍ਹਾਂ ਨੂੰ ਆਪਣਾ ਅਗਾਂਹਵਧੂ ਨਜ਼ਰੀਆ ਤੇ ਸੋਚ ਵਿਕਸਤ ਕਰਨ ਦੀ ਪ੍ਰੇਰਨਾ ਆਪਣੇ ਪੇਂਡੂ ਪਿਛੋਕੜ ਤੋਂ ਹੀ ਮਿਲੀ। ਉਹ ਸੱਚਮੁੱਚ ਹਰਿਆਣਾ ਦੀ ਕਿਸਾਨੀ ਦੇ ਜੀਵੰਤ ਬੁੱਧੀਜੀਵੀ ਸਨ।
ਉਨ੍ਹਾਂ ਨੂੰ ਪਿਆਰ ਨਾਲ ਡੀਆਰ ਆਖਿਆ ਜਾਂਦਾ ਸੀ ਜਿਹੜਾ ਅਸਲ ਵਿਚ ਡੀਅਰ (ਪਿਆਰੇ) ਵਾਂਗ ਸੁਣਾਈ ਦਿੰਦਾ ਸੀ। ਉਨ੍ਹਾਂ ਕਰੀਬ ਚਾਰ ਦਹਾਕੇ ਦਿੱਲੀ ਯੂਨੀਵਰਸਿਟੀ ਦੇ ਦਿਆਲ ਸਿੰਘ ਕਾਲਜ (ਈਵਨਿੰਗ) ਵਿਚ ਲੈਕਚਰ ਵਜੋਂ ਅਧਿਆਪਨ ਕਾਰਜ ਕੀਤਾ ਅਤੇ ਉਥੋਂ ਉਹ 2003 ਵਿਚ ਸੇਵਾ-ਮੁਕਤ ਹੋਏ। ਉਨ੍ਹਾਂ 1960ਵਿਆਂ ਵਿਚ ਮਰਹੂਮ ਪ੍ਰੋ. ਰਣਧੀਰ ਸਿੰਘ ਅਤੇ ਹੋਰ ਜੁਝਾਰੂ ਸਾਥੀਆਂ ਨਾਲ ਮਿਲ ਕੇ ਯੂਨੀਵਰਸਿਟੀ ਵਿਚ ਲੈਫ਼ਟ ਟੀਚਰਜ਼ ਐਸੋਸੀਏਸ਼ਨ ਦੀ ਨੀਂਹ ਰੱਖੀ ਜਿਹੜੀ ਬਾਅਦ ਵਿਚ 1979 ਵਿਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਣ ਗਈ। ਅਧਿਆਪਨ ਦੇ ਪੱਖ ਤੋਂ ਉਨ੍ਹਾਂ ਨੂੰ ਇਹ ਸਿਹਰਾ ਜਾਂਦਾ ਹੈ ਕਿ ਉਨ੍ਹਾਂ ਅੰਗਰੇਜ਼ੀ ਸਾਹਿਤ ਦੇ ਅਧਿਆਪਨ ਨੂੰ ਖ਼ਾਲਸ ਤੌਰ ’ਤੇ ਸੁਹਜ ਸਿਧਾਂਤ ਦੀ ਖੋਜ ਤੋਂ ਮੋੜ ਕੇ ਉਭਰਦੇ ਸਮਾਜਿਕ ਮੁੱਦਿਆਂ ਨਾਲ ਆਲੋਚਨਾਤਮਕ ਤੌਰ ਤੇ ਜੁੜਨ ਦੇ ਰਾਹ ਤੋਰਨ ਵਿਚ ਅਹਿਮ ਕਿਰਦਾਰ ਨਿਭਾਇਆ।
ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਉਦੋਂ ਹੋਈ ਜਦੋਂ ਉਹ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਸਨ। ਅਸੀਂ ਕਈ ਘੰਟੇ ਗੱਲਾਂ ਤੇ ਵਿਚਾਰ-ਵਟਾਂਦਰਾ ਕਰਦੇ ਰਹੇ। ਇਸ ਦੌਰਾਨ ਅਸੀਂ ਆਪਣੇ ਸਮਾਜ ਦੀ ਸਮਤਾਵਾਦੀ ਤਬਦੀਲੀ ਲਈ ਜੋ ਅਹਿਸਾਸ ਤੇ ਸੋਚ ਪ੍ਰਗਟਾਈ, ਉਹ ਸਾਡੀ ਉਮਰ ਭਰ ਦੀ ਦੋਸਤੀ ਦਾ ਸਬਬ ਬਣ ਗਈ। ਇਕ ਵਾਰ ਉਨ੍ਹਾਂ ਬੱਸ ਰਾਹੀਂ ਸ਼ਿਮਲਾ ਤੋਂ ਚੰਡੀਗੜ੍ਹ ਆਉਂਦਿਆਂ ਇਸ ਲੰਮੇ ਸਫ਼ਰ ਦੌਰਾਨ ਮੈਨੂੰ ਦਿਲਚਸਪ ਜਾਣਕਾਰੀ ਦਿੱਤੀ ਕਿ ਕਿਵੇਂ ਉਨ੍ਹਾਂ ਦੇ ਪਰਿਵਾਰ ਨੇ ਉਸ ਵਕਤ ਮਰਹੂਮ ਆਗੂ ਦੇਵੀ ਲਾਲ ਨੂੰ ਸ਼ਰਨ ਦਿੱਤੀ ਸੀ, ਜਦੋਂ ਉਨ੍ਹਾਂ ਦੀਆਂ ਕਿਸਾਨ ਪੱਖੀ ਖਾੜਕੂ ਸਰਗਰਮੀਆਂ ਕਾਰਨ ਪੁਲੀਸ ਉਨ੍ਹਾਂ (ਦੇਵੀ ਲਾਲ) ਦੇ ਪਿੱਛੇ ਪਈ ਹੋਈ ਸੀ ਤੇ ਉਹ ਫ਼ਰਾਰ ਚੱਲ ਰਹੇ ਸਨ। ਉਨ੍ਹਾਂ ਦਾ ਦੇਵੀ ਲਾਲ ਨਾਲ ਆਪਸੀ ਸਤਿਕਾਰ ਵਾਲਾ ਰਿਸ਼ਤਾ ਸੀ ਪਰ ਬਾਅਦ ਵਿਚ ਹਰਿਆਣਾ ਦੇ ਆਗੂਆਂ ਨੇ ਜਿਸ ਤਰ੍ਹਾਂ ਦੀ ਸਿਆਸਤ ਕੀਤੀ, ਉਨ੍ਹਾਂ ਲਈ ਉਸ ਵਿਚ ਕੰਮ ਕਰਨਾ ਮੁਸ਼ਕਿਲ ਸੀ।
ਉਨ੍ਹਾਂ ਸਾਰੀ ਤਾਕਤ ਜਾਤੀਵਾਦ, ਲਿੰਗ ਆਧਾਰਿਤ ਵਿਤਕਰੇ, ਮਰਦ ਪ੍ਰਧਾਨਤਾ ਵਾਲੇ ਸੱਭਿਆਚਾਰ ਆਦਿ ਨਾਲ ਸਬੰਧਤ ਮੁੱਦਿਆਂ ਉਤੇ ਚੇਤਨਾ ਪੈਦਾ ਕਰਨ ਲਈ ਲਾ ਦਿੱਤੀ। ਉਨ੍ਹਾਂ ਅਗਾਂਹਵਧੂ ਤੇ ਪ੍ਰਗਤੀਸ਼ੀਲ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਲਈ ਇਕ ਮੰਚ ਸਿਰਜਣ ਵਾਸਤੇ ਹਫ਼ਤਾਵਾਰੀ ‘ਪੀਂਘ’ ਦੀ ਸ਼ੁਰੂਆਤ ਕੀਤੀ। ਉਹ ‘ਦਿ ਟ੍ਰਿਬਿਊਨ’ ਸਣੇ ਹੋਰ ਵੀ ਅਨੇਕਾਂ ਅਖ਼ਬਾਰਾਂ-ਰਸਾਲਿਆਂ ਵਿਚ ਲਗਾਤਾਰ ਲਿਖਦੇ ਰਹਿੰਦੇ ਸਨ। ਉਹ ਅਗਾਂਹਵਧੂ ਆਧੁਨਿਕਤਾਵਾਦੀ ਸਨ। ਹਰਿਆਣਾ ਦੇ ਪੇਂਡੂ ਸਮਾਜ ਬਾਰੇ ਬੜੀ ਗੂੜ੍ਹੀ ਸਮਝ ਹੋਣ ਕਾਰਨ ਉਹ ਪੇਂਡੂ ਜਿ਼ੰਦਗੀ ਤੇ ਸੱਭਿਆਚਾਰ ਦੀ ਸ਼ੁੱਧਤਾ ਪ੍ਰਤੀ ਕਿਸੇ ਮੋਹ ਤੋਂ ਵੀ ਪਰੇ ਸਨ ਅਤੇ ਨਾਲ ਹੀ ਉਸ ਕਥਿਤ ਪੇਂਡੂ ‘ਪਛੜੇਪਣ’ ਦੇ ਦੰਭ ਤੋਂ ਵੀ ਲਾਂਭੇ ਸਨ ਜਿਸ ਨੂੰ ਕੁਝ ਸ਼ਹਿਰੀ ਬੁੱਧੀਜੀਵੀਆਂ ਵੱਲੋਂ ਪੇਂਡੂ ਸਮਾਜ ਪ੍ਰਤੀ ਆਪਣੀ ਪਹੁੰਚ ਵਿਚ ਦਿਖਾਇਆ ਜਾਂਦਾ ਹੈ।
ਉਨ੍ਹਾਂ ਨੂੰ ਹਰਿਆਣਾ ਦੇ ਸੱਭਿਆਚਾਰਕ ਜਾਗ੍ਰਿਤੀ ਵਿਚ ਵਿਸ਼ਵਾਸ ਸੀ ਅਤੇ ਇਕ ਵਾਰ ਉਨ੍ਹਾਂ ਇਹ ਦਲੀਲ ਦਿੰਦਿਆਂ ਬੜਾ ਤਿੱਖਾ ਲੇਖ ਲਿਖਿਆ ਸੀ ਕਿ ਹਰਿਆਣਾ ਦੀ ਆਪਣੀ ਰਾਜਧਾਨੀ ਹੋਣੀ ਚਾਹੀਦੀ ਹੈ, ਹੋ ਸਕੇ ਤਾਂ ਇਹ ਕੋਈ ਨਵਾਂ ਸ਼ਹਿਰ ਹੋਵੇ ਜਿਹੜਾ ਹਰਿਆਣਵੀ ਸੱਭਿਆਚਾਰ ਵਾਲੇ ਖੇਤਰ ਵਿਚ ਸਥਿਤ ਹੋਵੇ, ਤਾਂ ਕਿ ਇਹ ਹਰਿਆਣਵੀ ਸੱਭਿਆਚਾਰ, ਭਾਸ਼ਾ ਤੇ ਕਲਾ ਦੇ ਮੌਲਣ ਲਈ ਧੁਰਾ ਬਣ ਸਕੇ। ਉਹ ਚੰਡੀਗੜ੍ਹ ਨੂੰ ਅਜਿਹੇ ਸ਼ਹਿਰ ਵਜੋਂ ਦੇਖਦੇ ਸਨ ਜਿਸ ਦਾ ਹਰਿਆਣਾ ਨਾਲ ਕੋਈ ਦਿਲੀ ਰਿਸ਼ਤਾ ਨਹੀਂ ਸੀ, ਉਹ ਕਹਿੰਦੇ ਸਨ: ‘‘ਹਰਿਆਣਾ ਨੂੰ ਆਪਣੀ ਰਾਜਧਾਨੀ ਦੀ ਸਖ਼ਤ ਲੋੜ ਹੈ ਅਤੇ ਚੰਡੀਗੜ੍ਹ ਇਸ ਲਈ ਬਿਲਕੁਲ ਢੁਕਵਾਂ ਨਹੀਂ। ਇਹ ਇਸ ਦੇ ਗਲ਼ ਪਿਆ ਮਰਿਆ ਹੋਇਆ ਸੱਪ ਹੈ। ਇਸ ਨੂੰ ਜਿੰਨੀ ਛੇਤੀ ਲਾਹ ਕੇ ਸੁੱਟ ਦਿੱਤਾ ਜਾਵੇ, ਹਰਿਆਣਵੀਆਂ ਲਈ ਓਨਾ ਹੀ ਚੰਗਾ ਹੈ।’’
ਉਨ੍ਹਾਂ 2007 ’ਚ ਸ਼ਾਨਦਾਰ ਕਿਤਾਬ ‘ਹਰਿਆਣਾ ਐਟ ਕਰੌਸਰੋਡਜ਼: ਪ੍ਰੌਬਲਮਜ਼ ਐਂਡ ਪ੍ਰੌਸਪੈਕਟਸ’ ਲਿਖੀ। ਇਹ ਹਰਿਆਣਾ ਸਬੰਧੀ ਬਿਹਤਰੀਨ ਆਲੋਚਨਾਤਮਕ ਪ੍ਰਗਟਾਵਾ ਸੀ ਜਿਸ ’ਚ ਉਨ੍ਹਾਂ ਹਰਿਆਣਾ ਦੇ ਵਿਕਾਸ ਤੇ ਸਮਾਜਿਕ ਢਾਂਚੇ ਦੇ ਬਹੁ-ਪੱਖਾਂ ਬਾਰੇ ਪ੍ਰਗਤੀਸ਼ੀਲ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਆਪਣੀ ਜਿ਼ੰਦਗੀ ਦੇ ਆਖ਼ਰੀ ਸਾਲਾਂ ਦੌਰਾਨ ਉਨ੍ਹਾਂ ਆਪਣੇ ਹੋਰ ਹਮਖਿ਼ਆਲ ਅਤੇ ਸਮਾਜ ਲਈ ਕੁਝ ਕਰਨ ਦੇ ਚਾਹਵਾਨ ਦੋਸਤਾਂ ਨਾਲ ਮਿਲ ਕੇ ਹਰਿਆਣਾ ਇਨਸਾਫ਼ ਸੁਸਾਇਟੀ ਕਾਇਮ ਕੀਤੀ ਤਾਂ ਕਿ ਸਮਾਜ ਦੇ ਹਾਸ਼ੀਆਗਤ, ਦੁਰਕਾਰ ਗਏ ਅਤੇ ਵਿਤਕਰੇ ਦਾ ਸ਼ਿਕਾਰ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਸਰਗਰਮੀ ਨਾਲ ਜੂਝਿਆ ਜਾ ਸਕੇ।
ਡੀਆਰ ਚੌਧਰੀ ਆਪਣੇ ਪਿੱਛੇ ਅਮੀਰ ਬੌਧਿਕ ਤੇ ਸਿਆਸੀ ਵਿਰਾਸਤ ਛੱਡ ਗਏ ਹਨ। ਇਸ ਨੂੰ ਉਨ੍ਹਾਂ ਦੇ ਦੋ ਪ੍ਰਤਿਭਾਵਾਨ ਪੁੱਤਰਾਂ ਅਤੇ ਇਕ ਧੀ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਦਾ ਇਕ ਪੁੱਤਰ ਭੁਪਿੰਦਰ ਚੌਧਰੀ ਤੇ ਧੀ ਕਮਲਾ ਚੌਧਰੀ ਅਕਾਦਮਿਕ ਖੇਤਰ ਵਿਚ ਹਨ, ਜਦੋਂਕਿ ਦੂਜਾ ਪੁੱਤਰ ਅਸ਼ਵਨੀ ਚੌਧਰੀ ਫਿਲਮ ਡਾਇਰੈਕਟਰ ਹੈ।
ਸੰਪਰਕ: +44-7922657957