ਪਟਨਾ, 9 ਜੂਨ
ਬਿਹਾਰ ਦੇ ਸਮਸਤੀਪੁਰ ’ਚ ਗਰੀਬ ਜੋੜੇ ਨੂੰ ਆਪਣੇ ਮ੍ਰਿਤਕ ਬੇਟੇ ਦੀ ਲਾਸ਼ ਲੈਣ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਦੇ ਸਟਾਫ ਨੂੰ 50,000 ਰੁਪਏ ਰਿਸ਼ਵਤ ਦੇਣ ਲਈ ਦਰ ਦਰ ਮੰਗਣ ਲਈ ਮਜਬੂਰ ਹੋਣਾ ਪਿਆ। ਪੀੜਤ ਮਹੇਸ਼ ਠਾਕੁਰ ਅਤੇ ਉਸ ਦੀ ਪਤਨੀ ਨੂੰ ਸਮਸਤੀਪੁਰ ਦੇ ਇਲਾਕੇ ‘ਚ ਪੂਰਾ ਦਿਨ ਭੀਖ ਮੰਗਦੇ ਰਹੇ। ਪੋਸਟਮਾਰਟਮ ਹਾਊਸ ਦੇ ਅਧਿਕਾਰੀ ਨੇ ਲਾਸ਼ ਸੌਂਪਣ ਲਈ ਉਨ੍ਹਾਂ ਤੋਂ 50,000 ਰੁਪਏ ਦੀ ਮੰਗ ਕੀਤੀ ਸੀ। ਸਮਸਤੀਪੁਰ ਦੇ ਸਿਵਲ ਸਰਜਨ ਡਾ.ਐੱਸਕੇ ਚੌਧਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਚੌਧਰੀ ਨੇ ਕਿਹਾ, ‘ਸਾਨੂੰ ਮੀਡੀਆ ਤੋਂ ਇਸ ਬਾਰੇ ਪਤਾ ਲੱਗਾ ਹੈ। ਅਸੀਂ ਪੋਸਟਮਾਰਟਮ ਹਾਊਸ ਦੇ ਕਰਮਚਾਰੀ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।’ ਮਹੇਸ਼ ਠਾਕੁਰ ਤਾਜਪੁਰ ਥਾਣੇ ਅਧੀਨ ਪੈਂਦੇ ਪਿੰਡ ਕਸਬੇ ਅਹਰ ਦਾ ਰਹਿਣ ਵਾਲਾ ਹੈ। ਉਸ ਦਾ ਮਾਨਸਿਕ ਤੌਰ ‘ਤੇ ਅਸਥਿਰ ਪੁੱਤਰ ਇਸ ਸਾਲ 25 ਮਈ ਤੋਂ ਲਾਪਤਾ ਸੀ। 7 ਜੂਨ ਨੂੰ ਮੁਸਰੀਗੜ੍ਹੀ ਥਾਣੇ ਅਧੀਨ ਪੈਂਦੇ ਇਲਾਕੇ ਵਿੱਚੋਂ ਲਾਸ਼ ਬਰਾਮਦ ਹੋਈ ਸੀ। ਪੁਲੀਸ ਨੇ ਅਣਪਛਾਤੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਤਾਜਪੁਰ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਹੋਣ ਕਾਰਨ ਸਥਾਨਕ ਪੁਲੀਸ ਨੇ ਲਾਸ਼ ਦੀ ਪਛਾਣ ਲਈ ਮਹੇਸ਼ ਠਾਕੁਰ ਨਾਲ ਸੰਪਰਕ ਕੀਤਾ, ਜਦੋਂ ਉਹ ਪੋਸਟਮਾਰਟਮ ਹਾਊਸ ਪੁੱਜੇ ਤਾਂ ਮੁਲਾਜ਼ਮਾਂ ਨੇ ਪਹਿਲਾਂ ਤਾਂ ਲਾਸ਼ ਦਿਖਾਉਣ ਤੋਂ ਇਨਕਾਰ ਕਰ ਦਿੱਤਾ, ਜਦੋਂ ਉਨ੍ਹਾਂ ਮੁਲਾਜ਼ਮਾਂ ਨੂੰ ਵਾਰ-ਵਾਰ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਲਾਸ਼ ਦੀ ਸ਼ਨਾਖਤ ਕਰਵਾ ਦਿੱਤੀ। ਮੁਰਦਾਘਰ ‘ਚ ਮੌਜੂਦ ਮੁਲਾਜ਼ਮਾਂ ਨੇ ਲਾਸ਼ ਸੌਂਪਣ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ, ਜਦੋਂ ਮਹੇਸ਼ ਦੀਆਂ ਮਿੰਨਤਾਂ ਨਾਲ ਉਨ੍ਹਾਂ ਦਾ ਦਿਲ ਨਹੀਂ ਪਸੀਜਿਆ ਤਾਂ ਉਹ ਅਤੇ ਉਸ ਦੀ ਪਤਨੀ ਨੇੜਲੇ ਘਰਾਂ ਤੇ ਹੋਰ ਥਾਵਾਂ ‘ਤੇ ਜਾ ਕੇ ਪੈਸੇ ਮੰਗਣ ਲੱਗੇ। ਉਹ ਪੈਸੇ ਇਕੱਠੇ ਕਰਨ ਲਈ ਦਰਵਾਜ਼ੇ ਖੜਕਾਉਂਦੇ ਦੇਖੇ ਗਏ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਵਾਇਰਲ ਵੀਡੀਓ ਦੀ ਸੂਚਨਾ ਚੌਧਰੀ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੇ ਦਖਲ ਦੇ ਕੇ ਲਾਸ਼ ਨੂੰ ਲਾਵਾਰਸ ਮਾਪਿਆਂ ਹਵਾਲੇ ਕਰ ਦਿੱਤਾ।