ਨਵੀਂ ਦਿੱਲੀ, 24 ਅਕਤੂਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਸਮਾਨੀ ਪੁੱਜੀਆਂ ਤੇਲ ਕੀਮਤਾਂ ਲਈ ਕੇਂਦਰ ਸਰਕਾਰ ਨੂੰ ਨਿਸ਼ਾਨ ਬਣਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਨੂੰ ‘ਦੁੱਖ ਤਕਲੀਫਾਂ ਦੇਣ’ ਦਾ ਰਿਕਾਰਡ ਬਣਾ ਲਿਆ ਹੈ। ਕਾਂਗਰਸ ਦੀ ਜਨਰਲ ਸਕੱਤਰ ਨੇ ਇਕ ਟਵੀਟ ਵਿੱਚ ਮੀਡੀਆ ਰਿਪੋਰਟ ਨੂੰ ਵੀ ਟੈਗ ਕੀਤਾ ਹੈ ਜਿਸ ਵਿੱਚ ਪੈਟਰੋਲ ਕੀਮਤਾਂ ’ਚ ਇਸ ਸਾਲ ਹੁਣ ਤੱਕ 23.53 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤੇ ਜਾਣ ਦੀ ਗੱਲ ਆਖੀ ਗਈ ਹੈ। ਪ੍ਰਿਯੰਕਾ ਨੇ ਹਿੰਦੀ ਵਿੱਚ ਕੀਤੇ ਟਵੀਟ ਵਿੱਚ ਕਿਹਾ, ‘‘ਮੋਦੀ ਜੀ ਦੀ ਸਰਕਾਰ ਨੇ ਜਨਤਾ ਨੂੰ ਦੁਖ ਤਕਲੀਫਾਂ ਦੇਣ ਦੇ ਮਾਮਲੇ ਵਿੱਚ ਵੱਡੇ ਵੱਡੇ ਰਿਕਾਰਡ ਬਣਾਏ ਹਨ। ਸਭ ਤੋਂ ਵੱਧ ਬੇਰੁਜ਼ਗਾਰੀ ਮੋਦੀ ਸਰਕਾਰ ਵਿੱਚ, ਸਰਕਾਰੀ ਜਾਇਦਾਦਾਂ ਵੇਚੀਆਂ ਜਾ ਰਹੀਆਂ ਹਨ- ਮੋਦੀ ਸਰਕਾਰ ਵਿੱਚ, ਇਕ ਸਾਲ ਵਿਚ ਪੈਟਰੋਲ ਦੇ ਰੇਟ ਵਧੇ-ਮੋਦੀ ਸਰਕਾਰ ਵਿੱਚ।’’ ਉਧਰ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਵੀ ਸਰਕਾਰ ’ਤੇ ਚੁਟਕੀ ਲੈਂਦਿਆਂ ਇਸੇ ਮੀਡੀਆ ਰਿਪੋਰਟ ਨੂੰ ਟੈਗ ਕਰਦਿਆਂ ਟਵੀਟ ਕੀਤਾ, ‘‘ਅੱਛੇ ਦਿਨ।’’-ਪੀਟੀਆਈ