ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਰਾਮਗੜ੍ਹੀਆ ਬੋਰਡ ਦਿੱਲੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਗਾਗੀ, ਮੀਤ ਪ੍ਰਧਾਨ ਬਲਵਿੰਦਰ ਮੋਹਨ ਸਿੰਘ ਸੰਧੂ, ਜਨਰਲ ਸਕੱਤਰ ਅਵਤਾਰ ਸਿੰਘ ਭੁਰਜੀ, ਅਵਤਾਰ ਸਿੰਘ ਕਲਸੀ ਨੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਬਲਵਿੰਦਰ ਸਿੰਘ ਸੋਢੀ ਲਿਖਤ ਅਤੇ ਬੋਰਡ ਵਲੋਂ ਛਪਵਾਏ ਪੰਜਾਬੀ ਕਾਇਦੇ ‘ਆਓ ਪੰਜਾਬੀ ਪੜ੍ਹਨਾ ਲਿਖਣਾ ਸਿੱਖੀਏ’ ਦਾ ਲੋਕ ਅਰਪਣ ਕੀਤਾ। ਇਸ ਮੌਕੇ ਕਰਨੈਲ ਸਿੰਘ, ਵੀਰ ਸਿੰਘ, ਸੁਖਵੀਰ ਸਿੰਘ ਗਿੱਲ, ਮਨਜੀਤ ਸਿੰਘ ਮੁੱਦੜ, ਜਗਜੀਤ ਸਿੰਘ ਪੱਪੂ, ਭੂਪਿੰਦਰ ਸਿੰਘ, ਗੁਰਦੇਵ ਸਿੰਘ, ਜਤਿੰਦਰ ਸਿੰਘ ਸੇਠੀ ਤੋਂ ਇਲਾਵਾ ਬੋਰਡ ਦੇ ਮੈਂਬਰ, ਅਹੁਦੇਦਾਰ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਅਰੰਭ ’ਚ ਜਤਿੰਦਰਪਾਲ ਗਾਗੀ ਨੇ ਦੱਸਿਆ ਕਿ ਕਾਇਦਾ ਰਾਮਗੜ੍ਹੀਆ ਬੋਰਡ ਵਲੋਂ ਛਾਪਿਆ ਗਿਆ ਹੈ ਅਤੇ ਜਿਥੇ ਵੀ ਲੋੜ ਪਏਗੀ ਇਹ ਮੁਫ਼ਤ ਭੇਜਿਆ ਜਾਵੇਗਾ। ਬਲਵਿੰਦਰ ਮੋਹਨ ਸਿੰਘ ਸੰਧੂ ਨੇ ਕਿਹਾ ਕਿ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਅਜਿਹੇ ਉਪਰਾਲੇ ਪਹਿਲਾਂ ਵੀ ਬੋਰਡ ਵਲੋਂ ਕੀਤੇ ਜਾ ਰਹੇ ਹਨ। ਸੁਖਵੀਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ’ਚ ਪੰਜਾਬੀ ਭਾਸ਼ਾ ਬੋਲਣੀ ਚਾਹੀਦੀ ਹੈ ਅਤੇ ਹੋਰਨਾਂ ਨੂੰ ਵੀ ਇਸ ਨਾਲ ਜੋੜਨਾ ਚਾਹੀਦਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰਾਮਗੜ੍ਹੀਆ ਬੋਰਡ ਵਲੋਂ ਬਲਵਿੰਦਰ ਸੋਢੀ ਨੂੰ ਸਨਮਾਨਿਤ ਵੀ ਕੀਤਾ ਗਿਆ। ਬਲਵਿੰਦਰ ਸੋਢੀ ਨੇ ਕਿਹਾ ਕਿ ਰਾਮਗੜ੍ਹੀਆ ਬੋਰਡ ਦਿੱਲੀ ਨੇ ਜੋ ਇਹ ਕਾਇਦਾ ਛਾਪਿਆ ਉਹ ਉਸ ਲਈ ਉਨ੍ਹਾਂ ਦੇ ਧੰਨਵਾਦੀ ਹਨ।
ਦੱਸਣਯੋਗ ਹੈ ਕਿ ਸਮਾਰੋਹ ਵਿਚ ਹਾਜ਼ਰ ਵੱਖ ਵੱਖ ਇਲਾਕਿਆਂ ਤੋਂ ਆਏ ਲੋਕਾਂ ਨੂੰ ਕਾਇਦੇ ਦਿੱਤੇ ਗਏ ਤਾਂ ਜੋ ਉਹ ਇਹ ਕਾਇਦੇ ਅੱਗੇ ਹੋਰਨਾਂ ਨੂੰ ਵੰਡ ਸਕਣ। ਅੰਤ ’ਚ ਜਤਿੰਦਰਪਾਲ ਸਿੰਘ ਗਾਗੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।