ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਗਸਤ
ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਖਿਲ ਭਾਰਤੀ ਵਣਜਾਰਾ ਸਮਾਜ ਦੇ ਸਹਿਯੋਗ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਦਾ 444ਵਾਂ ਜਨਮ ਦਿਹਾੜਾ ਮਨਾਉਣ ਲਈ ਭਲਕੇ ਦਿੱਲੀ ਦੇ ਤਾਲਕਟੋਰਾ ਗਾਰਡਨ ’ਚ ਪ੍ਰੋਗਰਾਮ ਉਲੀਕਿਆ ਗਿਆ ਹੈ। ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਦੁਪਹਿਰ 2.30 ਵਜੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਦਰਬਾਰ ਹਾਲ ’ਚ ਨਤਮਸਤਕ ਹੋਣਗੇ। ਉਹ ਇੱਥੇ ਸਥਿਤ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਵੀ ਜਾਣਗੇ। ਤਾਲਕਟੋਰਾ ਗਾਰਡਨ ਵਿੱਚ ਹੋਣ ਵਾਲੇ ਸਮਾਗਮ ਦੀ ਸ਼ੁਰੂਆਤ ਸਵੇਰੇ 11 ਵਜੇ ਹੋਵੇਗੀ। ਇਸ ਵਿਚ ਵਣਜਾਰਾ ਸਮਾਜ ਵੱਲੋਂ ਆਪਣੀ ਸੱਭਿਅਤਾ ਨਾਲ ਜੁੜਿਆ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਵਣਜਾਰਾ ਅਤੇ ਸਿੱਖ ਸਮਾਜ ਦੇ ਬੁਲਾਰਿਆਂ ਵੱਲੋਂ ਭਾਈ ਲੱਖੀ ਸ਼ਾਹ ਵਣਜਾਰਾ ਦੇ ਜੀਵਨ ਨਾਲ ਜੁੜੀਆਂ ਤੱਥ ਭਰਪੂਰ ਜਾਣਕਾਰੀਆਂ ਵੀ ਸਾਂਝੀ ਕੀਤੀਆਂ ਜਾਣਗੀਆਂ।
ਭਾਈ ਲੱਖੀ ਸ਼ਾਹ ਜੀ ਵਣਜਾਰਾ ਦੇ ਜੀਵਨ ’ਤੇ ਆਧਾਰਿਤ ਇੱਕ ਸ਼ੋਅ ਵੀ ਕੀਤਾ ਜਾਵੇਗਾ। ਸੰਸਕ੍ਰਿਤੀ ਮੰਤਰਾਲੇ ਵੱਲੋਂ ਕੀਤੇ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਣਗੇ। ਸਮਾਗਮ ’ਚ ਸ਼ਾਮਲ ਹੋਣ ਲਈ ਕਰਨਾਟਕ, ਗੁਜਰਾਤ, ਤਾਮਿਲਨਾਡੂ, ਰਾਜਸਥਾਨ ਸਣੇ ਕਈ ਸੂਬਿਆਂ ਤੋਂ ਵੱਡੀ ਗਿਣਤੀ ’ਚ ਵਣਜਾਰਾ ਸਮਾਜ ਦੇ ਲੋਕ ਪੁੱਜਣਗੇ।