ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਕਤੂਬਰ
ਖੇਤੀ ਕਾਨੂੰਨਾਂ ਵਿਰੁੱਧ 31 ਕਿਸਾਨ ਜਥੇਬੰਦੀਆਂ ਵੱਲੋਂ ਮਾਨਸਾ ਵਿੱਚ ਰੇਲ ਪਟੜੀਆਂ ‘ਤੇ ਦਿੱਤੇ ਧਰਨੇ ਦੌਰਾਨ ਅੱਜ ਕਿਸਾਨਾਂ ਨੇ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਚ ਤੋਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਮਾਲਵਾ ਖੇਤਰ ਵਿੱਚ ਦਰਜਨਾਂ ਥਾਵਾਂ ‘ਤੇ ਰੇਲ ਪਟੜੀਆਂ ਉਤੇ ਅਜਿਹੇ ਜਾਮ ਲਾ ਕੇ ਮੋਦੀ ਲਈ ਪੰਜਾਬ ਦੇ ਰਾਹ ਬੰਦ ਕੀਤੇ ਹੋਏ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰਧਾਨ ਮੰਤਰੀ ਵੱਲੋਂ ਭਾਜਪਾ ਆਗੂਆਂ ਨੂੰ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਪ੍ਰਚਾਰ ਕਰਨ ਦੇ ਦਿੱਤੇ ਸੱਦੇ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਕਿਸਾਨਾਂ ਨੂੰ ਭਾਜਪਾ ਆਗੂਆਂ ਦਾ ਘਿਰਾਓ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਹਰ ਚਾਲ ਨੂੰ ਨਾਕਾਮ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਮੁੜ ਗੁਮਰਾਹ ਨਾ ਕੀਤਾ ਜਾ ਸਕੇ।
ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜੇ ਵੀ ਕੇਂਦਰ ਦੀ ਮੋਦੀ ਸਰਕਾਰ ‘ਤੇ ਕੋਈ ਅਸਰ ਨਹੀਂ ਹੁੰਦਾ ਤੇ ਉਹ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਦਮ ਲੈਣਗੇ।
ਵਿਧਾਨ ਸਭਾ ’ਚ ਮਤਾ ਪਾਸ ਕਰਨ ਦੀ ਸਲਾਹ
ਜੈਤੋ (ਸ਼ਗਨ ਕਟਾਰੀਆ): ਖੇਤੀ ਕਾਨੂੰਨਾਂ ਵਿਰੁੱਧ ਭਖ਼ੇ ਸੰਘਰਸ਼ੀ ਅਖਾੜੇ ਵਿੱਚ ਅੱਜ ਤੀਜੇ ਦਿਨ ਵੀ ਕਿਸਾਨ ਡਟੇ ਰਹੇ। ਭਾਕਿਯੂ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਰੇਲਵੇ ਸਟੇਸ਼ਨ ’ਤੇ ਲੱਗੇ ਧਰਨੇ ’ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੰਬਾਨੀਆਂ ਤੇ ਅਡਾਨੀਆਂ ਨੂੰ ਕਿਸੇ ਕੀਮਤ ਉਤੇ ਪੰਜਾਬ ਦੀ ਉਪਜਾਊ ਧਰਤੀ ’ਤੇ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਿਆਸੀ ਧਿਰਾਂ ਨੂੰ ਬਲਦੇ ਤੰਦੂਰ ’ਚ ਰੋਟੀਆਂ ਸੇਕਣ ਤੋਂ ਵਰਜਦਿਆਂ ਪੰਜਾਬ ਸਰਕਾਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਵਿਧਾਨ ਸਭਾ ’ਚ ਮਤਾ ਪਾਸ ਕਰਨ ਦੀ ਸਲਾਹ ਦਿੱਤੀ ਹੈ। ਉਧਰ ਜੈਤੋ ਦੇ ਰੇਲਵੇ ਸਟੇਸ਼ਨ ’ਤੇ ਧਰਨੇ ਦੀ ਅਗਵਾਈ ਕਰ ਰਹੀਆਂ ਬੀਕੇਯੂ ਸਿੱਧੂਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕਿਰਤੀ ਯੂਨੀਅਨ, ਬੀਕੇਯੂ ਲੱਖੋਵਾਲ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ ਸਮੇਤ ਇਥੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਦਾ ਘਿਰਾਓ ਕੀਤਾ ਗਿਆ।