ਭੋਪਾਲ, 8 ਅਪਰੈਲ
ਸਿੱਧੀ ਜ਼ਿਲ੍ਹੇ ਦੇ ਪੁਲੀਸ ਸਟੇਸ਼ਨ ਵਿੱਚ ਪੱਤਰਕਾਰ ਤੇ ਸੱਤ ਹੋਰਨਾਂ ਦੇ ਕੱਪੜੇ ਲੁਹਾਉਣ ਦੇ ਮਾਮਲੇ ਦਾ ‘ਆਪੂ’ ਨੋਟਿਸ ਲੈਂਦਿਆਂ ਮੱਧ ਪ੍ਰਦੇਸ਼ ਮਨੁੱਖੀ ਅਧਿਕਾਰ ਕਮਿਸ਼ਨ ਨੇ ਅੱਜ ਰਾਜ ਦੇ ਪੁਲੀਸ ਮੁਖੀ (ਡੀਜੀਪੀ) ਤੇ ਰੇਵਾ ਰੇਂਜ ਦੇ ਆਈਜੀ ਤੋਂ ਹਫ਼ਤੇ ਅੰਦਰ ਜਵਾਬ ਮੰਗ ਲਿਆ ਹੈ। ਲੰਘੀ 2 ਅਪਰੈਲ ਨੂੰ ਇਕ ਪੱਤਰਕਾਰ ਤੇ ਕੁਝ ਕਾਰਕੁਨਾਂ, ਜੋ ਇਕ ਕਲਾਕਾਰ ਦੀ ਗ੍ਰਿਫ਼ਤਾਰੀ ਖਿਲਾਫ਼ ਮੁਜ਼ਾਹਰਾ ਕਰ ਰਹੇ ਸਨ, ਨੂੰ ਹਿਰਾਸਤ ’ਚ ਲੈ ਕੇ ਪੂਰੇ ਕੱਪੜੇ ਲਾਹੁਣ ਲਈ ਮਜਬੂਰ ਕੀਤਾ ਗਿਆ ਸੀ। ਮਗਰੋਂ ਇਨ੍ਹਾਂ ਹਿਰਾਸਤੀਆਂ ਦੀ ਅੰਦਰਲੇ ਕੱਪੜਿਆਂ ਵਿੱਚ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਥਾਣਾ ਇੰਚਾਰਜ ਮਨੋਜ ਸੋਨੀ ਤੇ ਸਬ-ਇੰਸਪੈਕਟਰ ਅਭਿਸ਼ੇਕ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਵਧੀਕ ਐੱਸਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ’ਚ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਉਧਰ, ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਤੇ ਸੀਨੀਅਰ ਕਾਂਗਰਸ ਆਗੂ ਅਜੈ ਸਿੰਘ ਨੇ ਘਟਨਾ ਦੀ ਨਿਖੇਧੀ ਕਰਦਿਆਂ ਇਸ ਪੂਰੀ ਘਟਨਾ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਨਾਥ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। -ਪੀਟੀਆਈ