ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 11 ਫਰਵਰੀ
ਪਿੰਡ ਖੈਰੀ ਤੋਂ ਲਾਪਤਾ ਹੋਏ ਪਤੀ-ਪਤਨੀ ਦਾ ਮਾਮਲਾ ਤੂਲ ਫੜਨ ਲੱਗ ਪਿਆ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਘਰ ਤੋਂ ਗਾਇਬ ਕਰਨ ਵਿਚ ਲੜਕੀ ਦੇ ਪਤੀ ਅਤੇ ਸਹੁਰਾ ਪਰਿਵਾਰ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਪਰਿਵਾਰ ਨੇ ਪੁਲੀਸ ਤੋਂ ਲੜਕੀ ਨੂੰ ਜ਼ਿੰਦਾ ਜਾਂ ਮੁਰਦਾ ਜਿਸ ਵੀ ਹਾਲਤ ਵਿਚ ਹੈ, ਨੂੰ ਲੱਭਣ ਦੀ ਗੁਹਾਰ ਲਾਈ ਹੈ। ਖੈਰੀ ਵਾਸੀ ਲਾਪਤਾ ਲੜਕੇ ਪ੍ਰਸ਼ਾਂਤ ਕੌਸ਼ਿਕ ਦੇ ਪਿਤਾ ਨੇ ਪੁਲੀਸ ’ਤੇ ਧਮਕਾਉਣ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਹੈ ਕਿ ਪੁਲੀਸ ਵਲੋਂ ਬਿਨਾਂ ਵਜ੍ਹਾ ਤਾੜਨ ’ਤੇ ਉਸ ਦਾ ਲੜਕਾ ਘਰ ਤੋਂ ਕਿਧਰੇ ਚਲਾ ਗਿਆ ਹੈ। ਜ਼ਿਲ੍ਹਾ ਯਮੁਨਾਨਗਰ ਵਾਸੀ ਲੜਕੀ ਦੇ ਪਿਤਾ ਸੁਭਾਸ਼ ਸ਼ਰਮਾ ਤੇ ਫਕੀਰ ਚੰਦ ਸੈਣੀ, ਰਵਿੰਦਰ ਗੁੱਜਰ, ਜੈ ਪਾਲ ਸੈਣੀ, ਪੂਰਨ ਚੰਦ ਆਦਿ ਨੇ ਦੋਸ਼ ਲਾਇਆ ਹੈ ਕਿ ਪੁਲੀਸ ਇਸ ਮਾਮਲੇ ਵਿਚ ਬਹੁਤ ਹੀ ਢਿੱਲ ਮੱਠ ਕਰ ਰਹੀ ਹੈ, 10 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲੀਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਪੁਲੀਸ ਉਨ੍ਹਾਂ ਨੂੰ ਥਾਣੇ ਤਾਂ ਬੁਲਾ ਲੈਂਦੀ ਹੈ ਪਰ ਖਾਲੀ ਭਰੋਸਾ ਦੇ ਕੇ ਘਰ ਭੇਜ ਦਿੰਦੀ ਹੈ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਹੁਰਾ ਪਰਿਵਾਰ ਲੜਕੀ ’ਤੇ ਗਲਤ ਦੋਸ਼ ਲਾ ਕੇ ਉਸ ਨੂੰ ਬਦਨਾਮ ਕਰ ਰਹੇ ਹਨ। ਲੜਕੀ ਸਹੁਰਾ ਪਰਿਵਾਰ ਦੇ ਮਾੜੇ ਵਿਵਹਾਰ ਕਰਕੇ ਆਪਣਾ ਪੇਕੇ ਘਰ ਰਹਿ ਰਹੀ ਸੀ। ਕਈ ਵਾਰ ਪੰਚਾਇਤਾਂ ਹੋਣ ਤੋਂ ਬਾਅਦ ਦੋਹਾਂ ਧਿਰਾਂ ਵਿਚ ਫ਼ੈਸਲੇ ਮੁਤਾਬਕ ਪ੍ਰਸ਼ਾਂਤ ਪਹਿਲੀ ਫਰਵਰੀ ਨੂੰ ਲੜਕੀ ਨੂੰ ਲੈ ਕੇ ਪਿੰਡ ਖੈਰੀ ਆਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਗਿਣੀ ਮਿਥੀ ਸਾਜਿਸ਼ ਤਹਿਤ ਹੀ ਲੜਕੀ ਨੂੰ ਘਰ ਤੋਂ ਲਾਪਤਾ ਕਰ ਦਿੱਤਾ ਗਿਆ ਹੈ। ਲੜਕੀ ਦੇ ਪਰਿਵਾਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਪੁਲੀਸ ਨੇ ਕੱਲ ਤੱਕ ਲੜਕੀ ਦਾ ਕੋਈ ਪਤਾ ਨਾ ਦਿੱਤਾ ਤਾਂ ਉਹ ਸੜਕ ਜਾਮ ਕਰਨਗੇ। ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਪੁਲੀਸ ਮਾਮਲੇ ਦੀ ਨਿਰਪੱਖ ਜਾਂਚ ਕਰ ਰਹੀ ਹੈ ਅਤੇ ਲੜਕੀ ਤੇ ਲੜਕੇ ਦੀ ਭਾਲ ਕਰ ਰਹੀ ਹੈ।