ਨਵੀਂ ਦਿੱਲੀ, 7 ਮਈ
ਭਾਜਪਾ ਨੇ ਆਪਣੇ ਆਗੂ ਤੇਜਿੰਦਰਪਾਲ ਸਿੰਘ ਬੱਗਾ ਦੀ ਪੰਜਾਬ ਪੁਲੀਸ ਵੱਲੋਂ ਇੱਥੋਂ ਕੀਤੀ ਗਈ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ‘ਤਾਨਾਸ਼ਾਹ’ ਕਰਾਰ ਦਿੱਤਾ।
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਦੋਸ਼ ਲਾਇਆ ਕਿ ਬੱਗਾ ਦੀ ਗ੍ਰਿਫ਼ਤਾਰੀ ਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਨਿੱਜੀ ਹਿੱਤਾਂ ਲਈ ਪੰਜਾਬ ਪੁਲੀਸ ਦੀ ‘ਦੁਰਵਰਤੋਂ’ ਕੀਤੀ ਹੈ।
ਗੁਪਤਾ ਨੇ ਕਿਹਾ, ‘‘ਕੇਜਰੀਵਾਲ ਤਾਨਾਸ਼ਾਹ ਹਨ। ਬੱਗਾ ਨੇ ਕੀ ਅਪਰਾਧ ਕੀਤਾ ਹੈ? ਉਸ ਨੇ ਕੇਜਰੀਵਾਲ ਤੋਂ ‘ਦਿ ਕਸ਼ਮੀਰ ਫਾਈਲਜ਼’ ਬਾਰੇ ਕੀਤੀ ਟਿੱਪਣੀ ਦਾ ਸਿਰਫ਼ ਸਪਸ਼ਟੀਕਰਨ ਹੀ ਮੰਗਿਆ ਸੀ। ਗ੍ਰਿਫ਼ਤਾਰੀ ਦੌਰਾਨ ਉਸ ਨੂੰ ਦਸਤਾਰ ਵੀ ਨਹੀਂ ਬੰਨ੍ਹਣ ਦਿੱਤੀ ਗਈ।’’ ਉਨ੍ਹਾਂ ਕਿਹਾ ਕਿ ਭਾਜਪਾ ਦਸਤਾਰ ਦੀ ‘ਬੇਅਦਬੀ’ ਨੂੰ ਬਰਦਾਸ਼ਤ ਨਹੀਂ ਕਰੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਨੇ ਬੀਤੇ ਦਿਨੀਂ ਬੱਗਾ ਨੂੰ ਉਸ ਦੀ ਦਿੱਲੀ ਵਿੱਚ ਜਾਨਕਪੁਰੀ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ, ਪਰ ਸਿਟੀ ਪੁਲੀਸ ਇਹ ਕਹਿੰਦਿਆਂ ਉਸ ਨੂੰ ਹਰਿਆਣਾ ਤੋਂ ਕੌਮੀ ਰਾਜਧਾਨੀ ਵਾਪਸ ਲੈ ਆਈ ਸੀ ਕਿ ਪੰਜਾਬ ਪੁਲੀਸ ਨੇ ਇਸ ਗ੍ਰਿਫ਼ਤਾਰੀ ਸਬੰਧੀ ਉਸ ਨੂੰ ਸੂਚਨਾ ਨਹੀਂ ਦਿੱਤੀ ਸੀ। ਸਿਟੀ ਪੁਲੀਸ ਵੱਲੋਂ ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਬੱਗਾ ਦੀ ਸ਼ਿਕਾਇਤ ’ਤੇ ਪੰਜਾਬ ਪੁਲੀਸ ਖ਼ਿਲਾਫ਼ ਅਗਵਾ ਕਰਨ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਬੱਗਾ ਭਾਜਪਾ ਜਨਤਾ ਯੁਵਾ ਮੋਰਚਾ ਦਾ ਕੌਮੀ ਸਕੱਤਰ ਹੈ। ਉਸ ਨੂੰ ਮੁਹਾਲੀ ਵਿੱਚ ਪਿਛਲੇ ਮਹੀਨੇ ਦਰਜ ਕੀਤੇ ਗਏ ਕੇਸ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬੱਗਾ ਨੂੰ ਦਿੱਲੀ ਲਿਆਉਣ ਮਗਰੋਂ ਸ਼ੁੱਕਰਵਾਰ ਦੇਰ ਰਾਤ ਮੈਜਸਿਟ੍ਰੇਟ ਕੋਲ ਪੇਸ਼ ਕੀਤਾ ਗਿਆ। -ਪੀਟੀਆਈ