ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਫ਼ਰਵਰੀ
ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ ਤੇ ਬਾਘਾਪੁਰਾਣਾ ਵਿੱਚ ਲੋਕਾਂ ਨੇ ਆਪਣਾ ਪ੍ਰਤੀਨਿਧ ਚੁਣਨ ਲਈ ਨਿੱਠ ਕੇ ਵੋਟਾਂ ਪਾਈਆਂ। ਵੋਟਰਾਂ ਦੀ ਖ਼ਾਮੋਸ਼ੀ ਕਾਰਨ ਸਿਆਸੀ ਧਿਰਾਂ ਦੀ ਗਿਣਤੀ ਮਿਣਤੀ ਵੀ ਉਲਟਾ ਸਕਦੀ ਹੈ। ਜ਼ਿਲ੍ਹੇ ਵਿੱਚ ਇੱਕਾ ਦੁੱਕਾ ਤਕਰਾਰਬਾਜ਼ੀ ਘਟਨਾਵਾਂ ਨੂੰ ਛੱਡ ਵੋਟਾਂ ਪੈਣ ਦਾ ਕੰਮ ਪੂਰੇ ਅਮਨ-ਅਮਾਨ ਨਾਲ ਸਮਾਪਤ ਅਤੇ ਵੋਟਾਂ ਪੈਣ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪ੍ਰਸ਼ਾਸਨ ਵੱਲੋਂ ਕਰੜੇ ਸੁਰੱਖਿਆ ਪ੍ਰਬੰਧਾਂ ਕਾਰਨ ਲੋਕ ਸ਼ਾਂਤੀਪੂਰਨ ਢੰਗ ਨਾਲ ਵੋਟਾਂ ਪਾਉਣ ਆ ਰਹੇ ਸਨ। ਪੋਲਿੰਗ ਬੂਥਾਂ ਦੇ ਬਾਹਰ ਵੋਟਰ ਪਰਚੀਆਂ ਦੇਣ ਲਈ ਵੀ ਕੋਈ ਸ਼ੋਰ-ਸ਼ਰਾਬਾ ਜਾਂ ਖਿੱਚ-ਧੂਹ ਦਿਖਾਈ ਨਹੀਂ ਸੀ ਦੇ ਰਹੀ ਕਿਉਂਕਿ ਪਹਿਲਾਂ ਹੀ ਸਰਕਾਰੀ ਤੌਰ ’ਤੇ ਪਰਚੀਆਂ ਘਰੋ-ਘਰੀ ਪਹੁੰਚਾਈਆਂ ਗਈਆਂ ਸਨ। ਪੋਲਿੰਗ ਸਟੇਸ਼ਨਾਂ ’ਤੇ ਸਬੰਧਤ ਬੀਐਲਓ.ਬੂਥ ਦੇ ਬਾਹਰ ਤਾਇਨਾਤ ਸਨ ਤੇ ਜਿਸ ਕੋਲ ਪਰਚੀ ਨਹੀਂ ਸੀ, ਉਸ ਨੂੰ ਦੇ ਰਹੇ ਸਨ। ਇਸ ਕਾਰਨ ਵੋਟਰਾਂ ਦਾ ਰੁਖ ਵੀ ਪਤਾ ਨਹੀਂ ਸੀ ਲੱਗ ਰਿਹਾ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡੀਆਂ ਪੈਸੇ ਵੰਡਣ ਦੀਆਂ ਵੀਡੀਓਜ਼ ਵਾਇਰਲ ਹੋਣ ਤੋਂ ਇਲਾਵਾ ਪਾਰਟੀ ਝੰਡੇ ਲੱਗੇ ਈ-ਰਿਕਸ਼ਾ ਸ਼ਰ੍ਹੇਆਮ ਵੋਟਰ ਢੋਂਹਦੇ ਰਹੇ। ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸੋਹਲ ਨੇ ਜ਼ਿਲ੍ਹੇ ਵਿੱਚ ਇੱਕਾ ਦੁੱਕਾ ਤਕਰਾਰਬਾਜ਼ੀ ਘਟਨਾਵਾਂ ਨੂੰ ਛੱਡ ਵੋਟਾਂ ਪੈਣ ਦਾ ਕੰਮ ਪੂਰੇ ਅਮਨ-ਅਮਾਨ ਨਾਲ ਸਮਾਪਤ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਵੋਟਾਂ ਪੈਣ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਮਾਨਸਾ (ਪੱਤਰ ਪ੍ਰੇਰਕ) ਚੋਣ ਜ਼ਾਬਤੇ ਦੀ ਸਖ਼ਤੀ ਨੂੰ ਲੁਕਾਉਣ ਲਈ ਰਾਜਸੀ ਧਿਰਾਂ ਅੱਜ ਸਾਰਾ ਦਿਨ ਆਟੋ-ਰਿਕਸ਼ਿਆਂ ’ਤੇ ਵੋਟਾਂ ਢੋਹਦੀਆਂ ਰਹੀਆਂ। ਮਾਨਸਾ ਸ਼ਹਿਰ ਦੇ ਆਟੋ-ਰਿਕਸ਼ਿਆਂ ਨੂੰ ਉਮੀਦਵਾਰਾਂ ਦੇ ਨੇੜਲਿਆਂ ਵੱਲੋਂ ਬੀਤੀ ਸ਼ਾਮ ਤੋਂ ਹੀ ਦਿਹਾੜੀ ’ਤੇ ਬੁੱਕ ਕਰ ਲਿਆ ਸੀ ਤੇ ਉਹ ਅੱਜ ਸਵੇਰ ਤੋਂ ਹੀ ਮੁਹੱਲਿਆਂ ਵਿੱਚੋਂ ਸਵਾਰੀਆਂ ਦੇ ਰੂਪ ਵਿੱਚ ਵੋਟਰਾਂ ਨੂੰ ਢੋਂਹਦੇ ਰਹੇ। ਇਨ੍ਹਾਂ ਆਟੋ ਰਿਕਸ਼ਿਆਂ ’ਤੇ ਵੋਟਾਂ ਲਿਆਉਣ ਦੇ ਇਸ ਗੁੱਝੇ ਸਟਾਇਲ ਦੀ ਭਾਫ਼ ਕਿਸੇ ਜ਼ਿਲ੍ਹਾ ਅਧਿਕਾਰੀ ਤੱਕ ਨਾ ਪੈ ਸਕੀ।
ਉਧਰ, ਪਿੰਡਾਂ ’ਚ ਵੋਟਾਂ ਢੋਹ ਲਈ ਸਾਰਾ ਦਿਨ ਗੱਡੀਆਂ ਦੀ ਖੁੱਲ੍ਹ ਕੇ ਵਰਤੋਂ ਹੁੰਦੀ ਰਹੀ,ਪਰ ਕਿਸੇ ਖ਼ਿਲਾਫ਼ ਜ਼ਿਲ੍ਹਾ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਹੋ ਸਕੀ।