ਨਿੱਜੀ ਪੱਤਰ ਪ੍ਰੇਰਕ
ਮਲੋਟ, 3 ਅਕਤੂਬਰ
ਬਿਜਲੀ ਬੋਰਡ ਵੱਲੋਂ ਸ਼ਹਿਰ ਦੇ ਬਾਹਰ ਥਿਤ ਇਕ ਗਰੀਬ ਬਸਤੀ ਰੂਪ ਨਗਰ ’ਚੋਂ ਕਰੀਬ ਦੋ ਦਰਜਨ ਮੀਟਰ ਬਿੱਲ ਅਦਾ ਨਾ ਕਰਨ ਕਰ ਕੇ ਅਚਾਨਕ ਪੁੱਟ ਲਏ ਗਏ। ਜਦਕਿ ਸ਼ਹਿਰ ਵਿਚ ਲੱਖਾਂ ਰੁਪਏ ਦੇ ਡਿਫਾਲਟਰ ਰਸੂਖਦਾਰ ਘਰਾਂ ’ਤੇ ਕਾਰਵਈ ਕਰਨ ’ਚ ਹਮੇਸ਼ਾ ਬਿਜਲੀ ਬੋਰਡ ਪੈਰ ਪਿਛਾਂਹ ਨੂੰ ਪੁੱਟਦਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਰਮੇਸ਼ ਅਰਨੀਵਾਲਾ, ਪਰਮਜੀਤ ਸਿੰਘ ਗਿੱਲ ਤੇ ਗਗਨ ਔਲਖ ਨੇ ਰੂਪ ਨਗਰ ਦੇ ਦਰਜਨਾਂ ਬਸ਼ਿੰਦਿਆਂ ਸਮੇਤ ਬਿਜਲੀ ਘਰ ਪਹੁੰਚ ਕੇ ਬਿਜਲੀ ਬੋਰਡ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਪੁੱਟੇ ਮੀਟਰ ਮੁੜ ਲਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਰੂਪ ਨਗਰ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਬਸਤੀ ਵਿਚ ਬਹੁ-ਗਿਣਤੀ ਪਰਿਵਾਰ ਦਿਹਾੜੀ ਮਜ਼ਦੂਰੀ ਕਰਨ ਵਾਲੇ ਹਨ ਅਤੇ ਲੌਕਡਾਊਨ ਕਰਕੇ ਕੰਮ ਧੰਦਾ ਨਾ ਮਿਲਣ ਕਰ ਕੇ ਉਹ ਬਿਜਲੀ ਦਾ ਬਿੱਲ ਨਹੀਂ ਭਰ ਸਕੇ। ਐੱਸਡੀਓ ਮਨਦੀਪ ਸਿੰਘ ਨੇ ਕਿਹਾ ਕਿ ਫਿਲਹਾਲ ਬਿਜਲੀ ਕਰਮੀਆਂ ਨੂੰ ਪੁੱਟੇ ਗਏ ਮੀਟਰ, ਮੁੜ ਲਾਉਣ ਦੀ ਹਦਾਇਤ ਕੀਤੀ ਜਾ ਚੁੱਕੀ ਹੈ, ਉਨ੍ਹਾਂ ਰੂਪ ਨਗਰ ਦੇ ਬਸ਼ਿੰਦਿਆਂ ਨੂੰ ਕਿਹਾ ਕਿ ਉਹ ਬਿੱਲਾਂ ਦਾ ਬਕਾਇਆ ਰਾਸ਼ੀ ਜਮ੍ਹਾਂ ਜ਼ਰੂਰ ਕਰਵਾਉਣ ਤਾਂ ਕੇ ਉਨ੍ਹਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮਿਲ ਸਕੇ।