ਯੋਧਾ ਸਿੰਘ
ਅਸੀਂ ਜਿਸ ਸਮੇਂ ਵਿਚ ਜੀਅ ਰਹੇ ਹਾਂ, ਕੁਦਰਤੀ ਆਫਤਾਂ ਦੇ ਨਜ਼ਰੀਏ ਤੋਂ ਇਹ ਬਹੁਤ ਨਾਜ਼ੁਕ ਸਮਾਂ ਹੈ। ਇੱਕ ਪਾਸੇ ਯੂਰੋਪ ਦੇ ਬਹੁਤ ਸਾਰੇ ਮੁਲਕ ਗਰਮ ਲਹਿਰ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਪੈਰਿਸ ਵਰਗੇ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਪਾਰ ਕਰ ਚੁੱਕਾ ਹੈ। ਫਰਾਂਸ, ਸਪੇਨ, ਪੁਰਤਗਾਲ ਆਦਿ ਦੇਸ਼ਾਂ ਦੇ ਹਜ਼ਾਰਾਂ ਹੈਕਟੇਅਰ ਜੰਗਲ ਸੜ ਕੇ ਤਬਾਹ ਹੋ ਰਹੇ ਹਨ ਜਿਸ ਨਾਲ ਬਨਸਪਤੀਆਂ ਅਤੇ ਛੋਟੇ ਵੱਡੇ ਜੀਵਾਂ ਦਾ ਖਾਤਮਾ ਹੋ ਰਿਹਾ ਹੈ। ਦੂਜੇ ਪਾਸੇ ਕਈ ਇਲਾਕੇ ਸੋਕੇ ਦਾ ਸ਼ਿਕਾਰ ਹਨ ਅਤੇ ਕਈ ਇਲਾਕਿਆ ਵਿਚ ਇੰਨਾ ਜਿ਼ਆਦਾ ਮੀਂਹ ਪੈ ਰਿਹਾ ਹੈ ਕਿ ਉੱਥੋਂ ਦੇ ਇਲਾਕੇ ਹੜ੍ਹਾਂ ਹੇਠ ਆ ਚੁੱਕੇ ਹਨ। ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਬਹੁਤ ਸਾਰੇ ਇਲਾਕਿਆਂ ਵਿਚ ਬੱਦਲ ਫਟਣ ਅਤੇ ਭਾਰੀ ਮੀਂਹ ਜਿਹੇ ਵਰਤਾਰੇ ਆਮ ਹੁੰਦੇ ਜਾ ਰਹੇ ਹਨ ਜਿਨ੍ਹਾਂ ਕਰਕੇ ਪਹਾੜਾਂ ਦੀਆਂ ਢਿਗਾਂ ਡਿੱਗਣਾ ਬਹੁਤ ਆਮ ਹੋ ਗਿਆ ਹੈ। ਇਸ ਸਭ ਪਿੱਛੇ ਕੀ ਕਾਰਨ ਹਨ? ਕੀ ਅੱਜ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੁੰਦਾ ਸੀ? ਆਓ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਧਰਤੀ ਦਾ ਵਾਤਾਵਰਨ ਕਿਹੜੇ ਕਾਰਕ ਤੈਅ ਕਰਦੇ ਹਨ?
ਧਰਤੀ ਦੇ ਵਾਤਾਵਰਨ ਵਿਚ ਦੋ ਰੁਝਾਨ ਹਨ ਜੋ ਆਪਣੇ ਆਪ ਨੂੰ ਇੱਕ ਤੋਂ ਬਾਅਦ ਇੱਕ ਦੁਹਰਾਉਂਦੇ ਹਨ। ਇਸ ਨੂੰ ਅਸੀਂ ਬਰਫ ਯੁਗ ਅਤੇ ਬਰਫ ਯੁੱਗ ਦੇ ਢਲਣ ਵਜੋਂ ਜਾਣਦੇ ਹਾਂ ਜਿਸ ਦੌਰਾਨ ਲੱਖਾਂ ਸਾਲ ਧਰਤੀ ਦਾ ਇੱਕ ਧੁਰਾ ਬਰਫ ਦੀ ਚਾਦਰ ਹੇਠ ਰਹਿੰਦਾ ਹੈ ਅਤੇ ਫਿਰ ਇਹ ਗਰਮ ਦੌਰ ਸ਼ੁਰੂ ਹੋ ਜਾਂਦਾ ਹੈ, ਬਰਫ ਯੁੱਗ ਪਿੱਛੇ ਹਟਣਾ ਸ਼ੁਰੂ ਕਰ ਦਿੰਦਾ ਹੈ। ਇਸ ਦਾ ਮੁੱਖ ਕਾਰਨ ਹੁੰਦਾ ਹੈ ਧਰਤੀ ਦਾ ਵਾਯੂ ਮੰਡਲ ਜਿਸ ਨੂੰ ਧਰਤੀ ਦਾ ਕੰਬਲ ਵੀ ਕਿਹਾ ਜਾਂਦਾ ਹੈ। ਧਰਤੀ ਦਾ ਤਾਪਮਾਨ ਕਿੰਨਾ ਰਹੇਗਾ, ਇਸ ਨੂੰ ਤੈਅ ਕਰਨ ਵਾਲਾ ਮੁੱਖ ਕਾਰਕ ਹੈ ਵਾਯੂ ਮੰਡਲ ਜਿਸ ਦੀਆਂ 4 ਮੁੱਖ ਪਰਤਾਂ ਹਨ। ਇਨ੍ਹਾਂ ਪਰਤਾਂ ਵਿਚ ਮੌਜੂਦ ਗੈਸਾਂ ਦੀ ਸੰਰਚਨਾ, ਪਾਣੀ ਦੇ ਕਣ ਆਦਿ ਮਿਲ ਕੇ ਇਹ ਤੈਅ ਕਰਦੇ ਹਨ ਕਿ ਸੂਰਜ ਦੀਆਂ ਕਿਹੜੀਆਂ ਅਤੇ ਕਿੰਨੀਆਂ ਕਿਰਨਾਂ ਸੋਖੀਆਂ ਜਾਣੀਆਂ ਹਨ। ਦੂਜਾ ਧਰਤੀ ਦੀ ਸੂਰਜ ਦੁਆਲੇ ਪਰਿਕਰਮਾ ਹੈ ਜੋ ਇਸ ਵਿਚ ਮੁੱਖ ਯੋਗਦਾਨ ਪਾਉਂਦੀ ਹੈ। ਜਦੋਂ ਵਾਯੂ ਮੰਡਲ ਵਿਚ ਗ੍ਰੀਨ ਹਾਊਸ ਗੈਸਾਂ ਵਧਦੀਆਂ ਹਨ ਤਾਂ ਇਨ੍ਹਾਂ ਨਾਲ ਧਰਤੀ ਦਾ ਤਾਪਮਾਨ ਵਧਦਾ ਹੈ ਅਤੇ ਜਦੋਂ ਇਹ ਘਟਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਤਾਪਮਾਨ ਫਿਰ ਘਟਣਾ ਸ਼ੁਰੂ ਕਰ ਦਿੰਦਾ ਹੈ।
ਗ੍ਰੀਨ ਹਾਊਸ ਗੈਸਾਂ ਕਿਉਂ ਵਧ ਰਹੀਆਂ ਹਨ?
ਧਰਤੀ ’ਤੇ ਆ ਰਹੀਆਂ ਗਰਮ ਲਹਿਰਾਂ ਅਤੇ ਜੰਗਲਾਂ ਨੂੰ ਲੱਗ ਰਹੀਆਂ ਅੱਗਾਂ ਦਾ ਕਾਰਨ ਗ੍ਰੀਨ ਹਾਊਸ ਗੈਸਾਂ ਦਾ ਵਧਣਾ ਹੈ ਜਿਸ ਨਾਲ ਧਰਤੀ ਦਾ ਵਧਦਾ ਹੋਇਆ ਤਾਪਮਾਨ ਗਰਮੀਆਂ ਵਿਚ ਗਰਮ ਲਹਿਰ ਦਾ ਕਾਰਨ ਬਣਦਾ ਹੈ। ਇਨ੍ਹਾਂ ਗੈਸਾਂ ਦੇ ਵਧਣ ਦਾ ਕਾਰਨ ਹੈ ਮੌਜੂਦਾ ਪੈਦਾਵਾਰ ਦਾ ਪ੍ਰਬੰਧ। ਪੈਦਾਵਾਰ ਤਾਂ ਮਨੁੱਖ ਸਦੀਆਂ ਤੋਂ ਕਰ ਰਿਹਾ ਹੈ ਜੋ ਸਾਡੇ ਕੁਦਰਤ ਬਾਰੇ ਗਿਆਨ ਅਧੀਨ ਰਹੀ ਹੈ। ਇਸ ਦੇ ਆਧਾਰ ’ਤੇ ਹੀ ਮਨੁੱਖ ਨੇ ਵਿਗਿਆਨ ਅਤੇ ਤਕਨੀਕ ਦਾ ਵਿਕਾਸ ਕੀਤਾ ਹੈ। ਇਸ ਲਈ ਮਨੁੱਖ ਅੱਜ ਤੋਂ ਲੱਖਾਂ ਸਾਲ ਪਹਿਲਾਂ ਸਾਧਾਰਨ ਪੱਥਰਾਂ ਤੋਂ ਘੜੇ ਹਥਿਆਰਾਂ ਤੋਂ ਹੁੰਦਾ ਹੋਇਆ ਧਾਤਾਂ ਪਿਘਲਾ ਕੇ ਸੰਦ ਬਣਾਉਣੇ ਸਿੱਖਦਾ ਹੈ। ਖੇਤੀ ਅਤੇ ਪਸ਼ੂ ਪਾਲਣ ਦੇ ਦੌਰ ਵਿਚ ਪੈਦਾਵਾਰ ਵਿਚ ਵਾਧਾ ਹੁੰਦਾ ਹੈ। ਮਨੁੱਖ ਇਨ੍ਹਾਂ ਨਾਲ ਸਬੰਧਿਤ ਸੰਦਾਂ ਅਤੇ ਤਕਨੀਕਾਂ ਦਾ ਵਿਕਾਸ ਕਰਦਾ ਅੱਗੇ ਵਧਦਾ ਹੈ। ਮੱਧਯੁੱਗ ਵਿਚ ਹੋਏ ਵਿਗਿਆਨਕ ਅਤੇ ਤਕਨੀਕੀ ਵਿਕਾਸ ਨਾਲ ਪੈਦਾਵਾਰ ਦੇ ਸਾਧਨਾ ਵਿਚ ਗੁਣਾਤਮਕ ਤਬਦੀਲੀ ਆਉਂਦੀ ਹੈ ਜਿਸ ਨਾਲ ਸਮਾਜ ਵਿਚ ਵੀ ਵੱਡੀ ਤਬਦੀਲੀ ਆਉਂਦੀ ਹੈ ਅਤੇ ਮਨੁੱਖੀ ਸਮਾਜ ਪੈਦਾਵਾਰ ਦੇ ਨਵੇਂ ਪੱਧਰ ’ਤੇ ਪਹੁੰਚ ਜਾਂਦਾ ਹੈ ਜਿੱਥੇ ਮਜ਼ਦੂਰਾਂ ਦੀ ਫੌਜ, ਜਥੇਬੰਦ ਥਾਂ ਫੈਕਟਰੀ ਜਾਂ ਕਾਰਖਾਨਿਆਂ ਵਿਚ ਵੱਡੇ ਪੱਧਰ ’ਤੇ ਪੈਦਾਵਾਰ ਕਰਨ ਲੱਗ ਪੈਂਦੀ ਹੈ। ਇਨ੍ਹਾਂ ਸਨਅਤੀ ਇਨਕਲਾਬਾਂ ਤੋਂ ਬਾਅਦ ਮਨੁੱਖ ਸਰਮਾਏਦਾਰਾ ਪ੍ਰਬੰਧ ਵਿਚ ਦਾਖਲ ਹੋਇਆ ਵੱਡੇ ਪੱਧਰ ’ਤੇ ਸਨਅਤਾਂ ਦੀ ਉਸਾਰੀ ਕਰਦਾ ਹੈ ਅਤੇ ਖੇਤੀ ਲਈ ਵੱਧ ਤੋਂ ਵੱਧ ਜੰਗਲਾਂ ਦਾ ਸਫਾਇਆ ਕਰਦਾ ਜਾਂਦਾ ਹੈ। ਬਿਜਲੀਕਰਨ ਅਤੇ ਆਧੁਨਿਕ ਬਿਜਲਈ ਉਪਕਰਨ ਧਾਤਾਂ ਦੀ ਮੰਗ ਦੀ ਮੰਗ ਵਧਾ ਦਿੰਦੇ ਹਨ ਜਿਸ ਲਈ ਖਾਣਾਂ ਦਾ ਵਿਸਥਾਰ ਹੁੰਦਾ ਹੈ। ਆਵਾਜਾਈ ਅਤੇ ਸਨਅਤੀ ਮਸ਼ੀਨਰੀ ਲਈ ਊਰਜਾ ਦੀ ਵਧਦੀ ਮੰਗ ਈਂਧਨ ਦੀ ਮੰਗ ਵਧਾਉਂਦੀ ਹੈ।
ਇਨ੍ਹਾਂ ਸਾਰਿਆਂ ਦਾ ਨਤੀਜਾ ਇਹ ਨਿਕਲਦਾ ਹੈ ਕਿ ਵਾਯੂ ਮੰਡਲ ਵਿਚ ਗੈਸਾਂ ਦੀ ਸੰਰਚਨਾ ਬਦਲ ਜਾਂਦੀ ਹੈ। ਫੈਕਟਰੀਆਂ, ਵਾਹਨਾਂ, ਈਂਧਨ ’ਚੋਂ ਪੈਦਾ ਹੋਣ ਵਾਲਾਂ ਧੂੰਆਂ ਹਵਾਂ ਵਿਚ ਕਾਰਬਨ ਡਾਇਆਕਸਾਈਡ, ਮਿਥੇਨ ਅਤੇ ਇਸ ਵਰਗੀਆਂ ਹੋਰ ਗ੍ਰੀਨ ਹਾਊਸ ਗੈਸਾਂ ਵਧਾ ਦਿੰਦਾ ਹੈ ਜਿਸ ਨਾਲ ਧਰਤੀ ਦਾ ਤਾਪਮਾਨ ਸਾਲ ਦਰ ਸਾਲ ਵਧਦਾ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਤਕਨੀਕੀ ਵਿਕਾਸ ਇਸ ਦਾ ਜਿੰਮਵਾਰ ਹੈ; ਵਿਗਿਆਨ-ਤਕਨੀਕ ਦੇ ਵਿਕਾਸ ਨਾਲ ਇਨ੍ਹਾਂ ਸਾਧਨਾਂ ਨੂੰ ਕੁਦਰਤ ਦਾ ਹੋਰ ਵੀ ਬਿਹਤਰ ਢੰਗ ਨਾਲ ਖਿਆਲ ਰੱਖਦੇ ਹੋਏ ਵਰਤਿਆ ਜਾ ਸਕਦਾ ਹੈ। ਅਸਲ ਵਿਚ ਇਸ ਦਾ ਜਿ਼ੰਮੇਵਾਰ ਪੈਦਾਵਾਰ ਦਾ ਮੌਜੂਦਾ ਪ੍ਰਬੰਧ ਹੈ ਜਿਸ ਨੂੰ ਸਰਮਾਏਦਾਰਾ ਪ੍ਰਬੰਧ ਆਖਿਆ ਜਾਂਦਾ ਹੈ। ਸਰਮਾਏਦਾਰਾ ਪੈਦਾਵਾਰ ਵਿਚ ਸਭ ਤੋਂ ਵੱਡੀ ਕਮੀ ਇਹ ਹੈ ਕਿ ਇੱਥੇ ਮਨੁੱਖਾਂ ਦੀ ਜ਼ਰੂਰਤ ਅਨੁਸਾਰ ਪੈਦਾਵਾਰ ਨਹੀਂ ਕੀਤੀ ਜਾਂਦਾ ਸਗੋਂ ਇੱਥੇ ਮੁਨਾਫੇ ਲਈ ਪੈਦਾਵਾਰ ਮੁੱਖ ਹੋ ਜਾਂਦੀ ਹੈ। ਸਰਮਾਏਦਾਰਾ ਪੈਦਾਵਾਰ ਜਥੇਬੰਦ ਨਹੀਂ ਹੁੰਦੀ ਸਗੋਂ ਅਰਾਜਕ ਹੁੰਦੀ ਹੈ, ਇਸ ਵਿਚ ਵੱਧ ਮੁਨਾਫੇ ਕਮਾਉਣ, ਖਰਚੇ ਬਚਾਉਣ ਲਈ ਕੁਦਰਤ ਦਾ ਅੰਨ੍ਹੇਵਾਹ ਉਜਾੜਾ ਕੀਤਾ ਜਾਂਦਾ ਹੈ।
ਜੇਕਰ ਧਰਤੀ ਨੂੰ ਸੰਤੁਲਿਤ ਰੱਖਣ ਵਾਲੇ ਜੰਗਲਾਂ ਦੀ ਹਾਲਤ ਦੇਖਣੀ ਹੋਵੇ ਤਾਂ ਇਹ ਅੰਕੜੇ ਕਾਫੀ ਹਨ। ਅੱਜ ਤੋਂ 10000 ਸਾਲ ਪਹਿਲਾਂ ਧਰਤੀ ਉੱਤੇ 57 ਫੀਸਦੀ ਜੰਗਲ ਅਤੇ 42 ਫੀਸਦੀ ਘਾਹ ਦੇ ਮੈਦਾਨ ਸਨ ਜੋ ਧਰਤੀ ਦਾ 71 ਫੀਸਦੀ ਜ਼ਮੀਨੀ ਭਾਗ ਢਕਦੇ ਸਨ। ਫਿਰ ਸਾਲ 1900 ਤੱਕ ਆਉਂਦੇ ਆਉਂਦੇ ਇਹ 48 ਫੀਸਦੀ ਜੰਗਲ, 28 ਫੀਸਦੀ ਘਾਹ ਦੇ ਮੈਦਾਨ ਵਿਚ ਤਬਦੀਲ ਹੋ ਜਾਂਦਾ ਹੈ। 1900 ਤੋਂ ਬਾਅਦ 2018 ਤੱਕ ਜੰਗਲ ਸਿਰਫ 38 ਫੀਸਦੀ ਰਹਿ ਜਾਂਦੇ ਹਨ ਅਤੇ ਘਾਹ ਦੇ ਮੈਦਾਨ ਸਿਰਫ 14 ਫੀਸਦੀ ਹੀ ਬਾਕੀ ਬਚੇ ਰਹਿ ਜਾਂਦੇ ਹਨ। ਪਿਛਲੇ 30 ਸਾਲਾਂ ਵਿਚ ਧਰਤੀ ਦੇ ਜੰਗਲਾਂ ਦਾ 42 ਕਰੋੜ ਹੈਕਟੇਅਰ ਹਿੱਸਾ ਖਤਮ ਕੀਤਾ ਜਾ ਚੁੱਕਿਆ ਹੈ। ਸਾਲ 2015 ਤੋਂ 2020 ਦੇ ਵਕਫੇ ਵਿਚ ਪ੍ਰਤੀ ਸਾਲ ਲੱਗਭੱਗ ਇਕ ਕਰੋੜ ਹੈਕਟੇਅਰ ਜੰਗਲ ਨਸ਼ਟ ਕੀਤੇ ਗਏ ਹਨ ਅਤੇ 2016 ਤੋਂ 2050 ਤੱਕ 28.9 ਕਰੋੜ ਹੈਕਟੇਅਰ ਜੰਗਲਾਂ ਨੂੰ ਹੋਰ ਖਤਮ ਕਰ ਦਿੱਤਾ ਜਾਵੇਗਾ। ਇਸ ਨਾਲ ਅੰਦਾਜ਼ਨ 169 ਗੀਗਾਟਨ ਕਾਰਬਨ ਡਾਈਅਕਸਾਈਡ ਹਵਾ ਵਿਚ ਹੋਰ ਵਧ ਜਾਵੇਗੀ। ਇਨ੍ਹਾਂ ਗ੍ਰੀਨ ਹਾਊਸ ਗੈਸ ਦੇ ਵਾਧੇ ਨਾਲ ਤਾਪਮਾਨ ਵਿਚ ਹੋਰ ਵਾਧਾ ਹੋਵੇਗਾ ਜਿਸ ਨਾਲ ਜੰਗਲਾਂ ਦੀਆਂ ਅੱਗਾਂ ਅਤੇ ਹੋਰ ਭਿਆਨਕ ਬੇਲੋੜੇ ਕੁਦਰਤੀ ਵਰਤਾਰੇ ਹੋਰ ਵੱਡੇ ਪੱਧਰ ਤੱਕ ਵਾਪਰਨਗੇ।
ਜੰਗਲਾਂ ਨੂੰ ਅੱਗਾਂ ਲੱਗਣੀਆਂ ਵਧਣ ਕਾਰਨ ਬਚੇ-ਖੁਚੇ ਜੰਗਲ ਵੀ ਸੜ ਰਹੇ ਹਨ। ਜੰਗਲਾਂ ਦੇ ਸੜਨ ਨਾਲ਼ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ, ਵਾਤਾਵਰਨ ਵਿਚ ਹੋਰ ਵਧ ਜਾਂਦੀ ਹੈ ਅਤੇ ਤਾਪਮਾਨ ਵੀ ਹੋਰ ਵਧ ਜਾਂਦਾ ਹੈ। ਇਸ ਤਰ੍ਹਾਂ ਤਾਪਮਾਨ ਵਧਣ ਦਾ ਨਤੀਜਾ ਇਹ ਨਿਕਲਦਾ ਹੈ ਕਿ ਵਾਸ਼ਪੀਕਰਨ ਦੀ ਦਰ ਵਧ ਜਾਂਦੀ ਹੈ; ਵਾਸ਼ਪੀਕਰਨ ਇੱਕ ਦਮ ਵਧਣ ਕਾਰਨ ਜੋ ਬੱਦਲ ਬਣਦੇ ਹਨ, ਉਹ ਸੰਘਣੇ ਹੁੰਦੇ ਹਨ ਜਿਨ੍ਹਾਂ ਕਾਰਨ ਭਾਰੀ ਮੀਂਹ ਜਾਂ ਜਿਸ ਨੂੰ ਬੱਦਲਾਂ ਦਾ ਫਟਣਾ ਵੀ ਕਿਹਾ ਜਾਂਦਾ ਹੈ, ਵਰਗੇ ਵਰਤਾਰੇ ਸਾਹਮਣੇ ਆਉਂਦੇ ਹਨ। ਪਹਾੜਾਂ ਉੱਤੇ ਜੰਗਲਾਂ ਦੀ ਕਟਾਈ ਕਾਰਨ ਇਹ ਹੋਰ ਵੀ ਭਿਆਨਕ ਹੋ ਜਾਂਦਾ ਹੈ ਜਿੱਥੇ ਤਿੱਖੀਆਂ ਢਲਾਣਾਂ ਪਾਣੀ ਦੇ ਵਹਾਅ ਨਾਲ ਵਗ ਜਾਂਦੀਆਂ ਹਨ। ਇਸ ਨਾਲ ਪਹਾੜਾਂ ਦੀਆਂ ਬਨਸਪਤੀਆਂ ਅਤੇ ਜੀਵ ਮਰ ਮੁੱਕ ਜਾਂਦੇ ਹਨ। ਅੰਤ ਵਿਚ ਮੈਦਾਨੀ ਇਲਾਕੇ ਭਾਰੀ ਹੜ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਸ ਲਈ ਹੁਣ ਜਿਨ੍ਹਾਂ ਹਾਲਾਤ ਵਿਚੋਂ ਅਸੀਂ ਗੁਜ਼ਰ ਰਹੇ ਹਾਂ, ਇਸ ਵਿਚ ਕੁਝ ਵੀ ਕੁਦਰਤੀ ਨਹੀਂ ਹੈ ਕਿਉਂਕਿ ਇਸ ਸਭ ਕਾਸੇ ਲਈ ਸਰਮਾਏਦਾਰਾ ਪ੍ਰਬੰਧ ਜ਼ਿੰਮੇਵਾਰ ਹੈ।
ਕੀ ਸਰਮਾਏਦਾਰਾ ਪ੍ਰਬੰਧ ਕੁਦਰਤ ਨੂੰ ਸੰਵਾਰ ਸਕਦਾ ਹੈ?
ਪੈਦਾਵਾਰ ਮੁਨਾਫੇ ਲਈ ਹੋ ਜਾਣ ਤੋਂ ਬਾਅਦ ਇਸ ਪ੍ਰਬੰਧ ਵਿਚ ਮਨੁੱਖ ਅਤੇ ਪ੍ਰਕਿਰਤੀ, ਦੋਵੇਂ ਪਿੱਛੇ ਧੱਕ ਦਿੱਤੇ ਜਾਂਦੇ ਹਨ ਜਿੱਥੇ ਸਰਮਾਏਦਾਰ ਜੰਗਲਾਂ, ਨਦੀਆਂ, ਪਹਾੜਾਂ, ਸਮੁੰਦਰਾਂ ਅਤੇ ਮਨੁੱਖਾਂ ਦੀ ਅੰਨ੍ਹੇਵਾਹ ਲੁੱਟ ਸ਼ੁਰੂ ਕਰ ਦਿੰਦਾ ਹੈ। ਇਸ ਗੈਰ-ਜਥੇਬੰਦ ਪੈਦਾਵਾਰ ਨੇ ਅੱਜ ਵਾਤਾਵਰਨ ਨੂੰ ਇੰਨੀ ਬੁਰੀ ਤਰ੍ਹਾਂ ਝੰਬ ਸੁੱਟਿਆ ਹੈ ਕਿ ਧਰਤੀ ਦੇ ਕੁੱਲ ਕੁਦਰਤੀ ਵਰਤਾਰਿਆਂ ਵਿਚ ਵਿਗਾੜ ਪੈਦਾ ਹੋ ਗਿਆ ਹੈ। ਇਹ ਪ੍ਰਬੰਧ ਜਿਸ ਅਧੀਨ ਅੱਜ ਅਸੀਂ ਜੀਅ ਰਹੇ ਹਾਂ, ਇਹ ਪੂਰੀ ਤਰ੍ਹਾਂ ਲੁੱਟ
ਆਧਾਰਿਤ ਪ੍ਰਬੰਧ ਹੈ ਜਿਸ ਲਈ ਹਰ ਸ਼ੈਅ ਸਿਰਫ ਮੁਨਾਫੇ ਦਾ ਸ੍ਰੋਤ ਹੈ। ਇਸ ਪ੍ਰਬੰਧ ਵਿਚ ਵਿਗਿਆਨ ਅਤੇ ਕੁੱਲ ਵਿਗਿਆਨਕ ਖੋਜਾਂ ਸਰਮਾਏਦਾਰਾਂ ਦੇ ਮੁਨਾਫੇ ਲਈ ਕੰਮ ਕਰਦੀਆਂ ਹਨ।
ਇਸ ਪ੍ਰਬੰਧ ਵਿਚ ਇੱਕ ਪਾਸੇ ਧਨਾਢਾਂ ਕੋਲ ਪੈਸੇ ਦੇ ਅੰਬਾਰ ਹਨ, ਦੂਜੇ ਪਾਸੇ ਆਮ ਕਿਰਤੀ ਲੋਕਾਈ ਹੈ ਜਿਸ ਦਾ ਵੱਡਾ ਹਿੱਸਾ ਭੁੱਖਮਰੀ ਦਾ ਸ਼ਿਕਾਰ ਹੈ। ਇਸ ਪ੍ਰਬੰਧ ਅਧੀਨ ਵਾਤਾਵਰਨ ਨੂੰ ਬਚਾਉਣ ਅਤੇ ਸਾਂਭਣ ਦੇ ਕਾਨੂੰਨ ਸਿਰਫ ਕਾਗਜ਼ਾਂ ਵਿਚ ਹੀ ਸੀਮਤ ਰਹਿ ਜਾਂਦੇ ਹਨ। ਸਰਕਾਰੀ ਅਫਸਰ ਅਤੇ ਕਾਨੂੰਨ ਪੈਸੇ ਨਾਲ ਖਰੀਦੇ ਜਾਂਦੇ ਹਨ ਅਤੇ ਇਹ ਕੁਦਰਤੀ ਸਾਧਨਾਂ ਦੀ ਅੰਨ੍ਹੀ ਲੁੱਟ ਕਰਨ ਲਈ ਅੱਖਾਂ ਬੰਦ ਕਰ ਲੈਂਦੇ ਹਨ। ਇਸ ਪ੍ਰਬੰਧ ਅਧੀਨ ਵਾਤਾਵਰਨ ਬਚਾਉਣ ਲਈ ਜੱਦੋ-ਜਹਿਦ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਵੀ ਵੱਧ ਜ਼ਰੂਰੀ ਹੈ, ਇਸ ਪ੍ਰਬੰਧ ਦਾ ਤਖਤਾ ਪਲਟ ਕਰਨਾ ਅਤੇ ਇਸ ਦੀ ਥਾਂ ਇਸ ਤਰ੍ਹਾਂ ਦਾ ਸਮਾਜਿਕ ਪ੍ਰਬੰਧ ਸਥਾਪਿਤ ਕਰਨਾ ਜਿਸ ਦਾ ਕੇਂਦਰ ਕਿਰਤੀ ਲੋਕ ਅਤੇ ਕੁਦਰਤ ਹੋਵੇ; ਜਿੱਥੇ ਮੁਨਾਫੇ ਦੀ ਕੋਈ ਥਾਂ ਨਾ ਹੋਵੇ।
ਅੱਜ ਯੂਰੋਪ ਦੇ ਜੰਗਲਾਂ ਵਿਚ ਫੈਲੀਆਂ ਅੱਗਾਂ ਇਸ ਗੱਲ ਦੀ ਗਵਾਹੀ ਹਨ ਕਿ ਕੁਦਰਤ ਦੀ ਜਿੰਨੀ ਬਰਬਾਦੀ ਸਰਮਾਏਦਾਰੀ ਨੇ ਕੀਤੀ ਹੈ, ਓਨਾ ਹੀ ਹਰਜਾਨਾ ਸਾਨੂੰ ਭੁਗਤਣਾ ਪੈ ਰਿਹਾ ਹੈ। ਆਓ, ਇੱਕਜੁੱਟ ਹੋ ਕੇ ਕੁਦਰਤੀ ਆਫਤਾਂ ਤੋਂ ਬਚਣ ਲਈ ਇਸ ਬਰਬਾਦੀ ਦੇ ਰਥ, ਸਰਮਾਏਦਾਰਾ ਪ੍ਰਬੰਧ, ਨੂੰ ਤਬਾਹ ਕਰੀਏ।
ਸੰਪਰਕ: 96533-59244