ਬੋਸਟਨ, 20 ਨਵੰਬਰ
ਇੱਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਸਮਾਰਟ ਘੜੀਆਂ ਤੇ ਹੋਰ ਪਹਿਨੇ ਜਾਣ ਵਾਲੇ ਯੰਤਰ ਕਰੋਨਾ ਦੇ ਲੱਛਣ ਸਾਹਮਣੇ ਆਉਣ ਤੋਂ ਤਕਰੀਬਨ ਨੌਂ ਦਿਨ ਪਹਿਲਾਂ ਹੀ ਸਰੀਰ ’ਚ ਵਾਪਰ ਰਹੀ ਤਬਦੀਲੀ ਦਾ ਪਤਾ ਲਾ ਲੈਂਦੇ ਹਨ। ਅਮਰੀਕਾ ’ਚ ਸਟੈਨਫੋਰਡ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ ਦੇ ਖੋਜੀਆਂ ਨੇ 32 ਕਰੋਨਾ ਪੀੜਤਾਂ ਤੋਂ ਹਾਸਲ ਅੰਕੜਿਆਂ ਦੇ ਆਧਾਰ ’ਤੇ ਇਹ ਅਧਿਐਨ ਕੀਤਾ ਹੈ। ਇਸ ਬਾਰੇ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ 22 ਕੇਸ ਅਜਿਹੇ ਸਨ ਜਿਨ੍ਹਾਂ ’ਚ ਕਰੋਨਾਵਾਇਰਸ ਦੀ ਪੁਸ਼ਟੀ ਇਸ ਬਿਮਾਰੀ ਦੇ ਲੱਛਣ ਸਾਹਮਣੇ ਆਉਣ ਤੋਂ ਪਹਿਲਾਂ ਹੋ ਗਈ ਜਦਕਿ 4 ਕੇਸ ਅਜਿਹੇ ਸਨ ਜਿਨ੍ਹਾਂ ’ਚ ਇਸ ਬਾਰੇ ਨੌਂ ਦਿਨ ਪਹਿਲਾਂ ਹੀ ਪਤਾ ਲੱਗ ਗਿਆ। ਇਸ ਅਧਿਐਨ ਰਾਹੀਂ ਖੋਜੀਆਂ ਨੇ ਸਮਾਰਟ ਘੜੀਆਂ ਜਿਹੇ ਯੰਤਰਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਜਿਨ੍ਹਾਂ ਨਾਲ ਸਰੀਰਕ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਹੈ। -ਪੀਟੀਆਈ