ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 14 ਅਗਸਤ
ਪਿੰਡ ਕੁੰਨਰਾਂ ਵਿੱਚ ਨਵੀਂ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਪਹੁੰਚੀ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਦਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਵਿਰੋਧ ਕੀਤਾ ਗਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।
ਇਕਾਈ ਪ੍ਰਧਾਨ ਦਰਸ਼ਨ ਸਿੰਘ ਕੁੰਨਰਾ, ਬਲਬੀਰ ਸਿੰਘ, ਸੁਖਦੇਵ ਸਿੰਘ, ਬਿੱਕਰ ਸਿੰਘ, ਜਸਦੀਪ ਸਿੰਘ ਬਹਾਦਰਪੁਰ, ਕੁਲਜੀਤ ਸਿੰਘ, ਗੁਰਮੁਖ ਸਿੰਘ, ਜਗਤਾਰ ਸਿੰਘ ਅਤੇ ਚਰਨਾ ਸਿੰਘ ਸਫ਼ਰੀ ਨੇ ਕਿਹਾ ਕਿ ਜਿੰਨੀ ਦੇਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਨੀ ਦੇਰ ਕਿਸੇ ਵੀ ਸਿਆਸੀ ਆਗੂ ਨੂੰ ਕਿਸੇ ਵੀ ਨੇੜਲੇ ਪਿੰਡ ਵਿੱਚ ਆਉਣ ਨਹੀਂ ਦਿੱਤਾ ਜਾਵੇਗਾ।
ਪਿੰਡ ਦੀ ਸਰਪੰਚ ਪਰਮਜੀਤ ਕੌਰ ਵੱਲੋਂ ਮੁਲਖਾ ਸਿੰਘ ਕੁੰਨਰ ਨੇ ਕਿਹਾ ਕਿ ਕੁਝ ਲਾਗ-ਡਾਟ ਵਾਲੇ ਵਿਅਕਤੀ ਵਿਰੋਧ ਕਰ ਰਹੇ ਹਨ ਜਦਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਰਫ਼ ਭਾਜਪਾ ਦਾ ਵਿਰੋਧ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਦਾਮਨ ਥਿੰਦ ਬਾਜਵਾ ਅਤੇ ਸੀਨੀਅਰ ਕਾਂਗਰਸੀ ਆਗੂ ਹਰਮਨਦੇਵ ਸਿੰਘ ਗੱਗੀ ਬਾਜਵਾ ਨੇ ਕਿਹਾ ਕਿ ਪਿੰਡ ਕੁੰਨਰਾਂ ਤੋਂ ਲੈ ਕੇ ਢੱਡਰੀਆਂ ਤੱਕ ਵਾਇਆ ਲੌਂਗੋਵਾਲ, ਲੋਹਾਖੇੜਾ ਨੂੰ ਜੋ 10 ਫੁੱਟੀ ਸੜਕ ਸੀ, ਉਸ ਨੂੰ 18 ਫੁੱਟ ਚੌੜੀ ਕਰਨ ਲਈ ਨੀਂਹ ਪੱਥਰ ਰੱਖਣਾ ਸੀ। ਪਿੰਡ ਕੁੰਨਰਾਂ ਤੋਂ ਬਾਹਰਲੇ ਕੁਝ ਬੰਦਿਆਂ ਨੇ ਕਾਂਗਰਸੀ ਆਗੂ ਦਾ ਵਿਰੋਧ ਕੀਤਾ।