ਗੁਰਿੰਦਰ ਸਿੰਘ
ਲੁਧਿਆਣਾ, 11 ਫਰਵਰੀ
ਥਾਣਾ ਸ਼ਿਮਲਾਪੁਰੀ ਦੇ ਇਲਾਕੇ ਵਿੱਚ ਇਕ ਨੌਜਵਾਨ ਵੱਲੋਂ ਬਜ਼ੁਰਗ ਦਾ ਇਸ ਕਰਕੇ ਕਤਲ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਮੁਲਜ਼ਮ ਨੂੰ ਕੁੱਤਿਆਂ ਉੱਪਰ ਜ਼ੁਲਮ ਕਰਨ ਤੋਂ ਰੋਕਿਆ ਸੀ।
ਇਸ ਸਬੰਧੀ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜ਼ੋਰਾ ਸਿੰਘ (55) ਸ਼ਾਮ ਨੂੰ ਘਰ ਦੇ ਬਾਹਰ ਖੜ੍ਹੇ ਸਨ। ਇੰਨੇ ਨੂੰ ਰਿੰਕੂ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਮੋਟਰਸਾਈਕਲ ’ਤੇ ਆਇਆ ਅਤੇ ਗਲੀ ਵਿੱਚ ਖੜ੍ਹੇ ਆਵਾਰਾ ਕੁੱਤਿਆਂ ਨੂੰ ਬੇਰਹਿਮੀ ਨਾਲ ਕੁੱਟਣ ਲੱਗ ਪਿਆ। ਜ਼ੋਰਾ ਸਿੰਘ ਨੇ ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਚਾਕੂਆਂ ਨਾਲ ਕਈ ਵਾਰ ਕਰਕੇ ਜ਼ੋਰਾ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਦੋਂ ਉਸ ਨੂੰ ਲਹੂ- ਲੂਹਾਨ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਰਿੰਕੂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਲਾਸ਼ ਪੋਸਟ ਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਲੌਕਡਾਊਨ ਦੌਰਾਨ ਰਿੰਕੂ ਦਾ ਜ਼ੋਰਾ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਦੀ ਰੰਜਿਸ਼ ਰੱਖਦਿਆਂ ਉਸ ਵੱਲੋਂ ਕਤਲ ਕੀਤਾ ਗਿਆ ਹੈ।