ਲਖਵੀਰ ਸਿੰਘ ਚੀਮਾ
ਟੱਲੇਵਾਲ, 3 ਅਕਤੂਬਰ
ਖੇਤੀ ਕਾਨੂੰਨ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਜ਼ੋਰਾਂ ’ਤੇ ਹੈ। ਕਿਸਾਨੀ ਸੰਘਰਸ਼ ਵਿੱਚ ਇਹ ਪਹਿਲੀ ਵਾਰ ਪਹਿਲੀ ਵਾਰ ਹੋਇਆ ਹੈ ਕਿ ਔਰਤਾਂ ਅਤੇ ਨੌਜਵਾਨਾਂ ਦੀ ਸੰਘਰਸ਼ ਦੇ ਮੈਦਾਨ ਵਿੱਚ ਹਾਜ਼ਰੀ ਵਧੀ ਹੈ। ਔਰਤਾਂ ਦੀ ਭੂਮਿਕਾ ਇਸ ਸੰਘਰਸ਼ ਵਿੱਚ ਖ਼ਾਸ ਦੇਖਣ ਨੂੰ ਮਿਲ ਰਹੀ ਹੈ।
ਕਿਸਾਨੀ ਪਰਿਵਾਰਾਂ ਨਾਲ ਸਬੰਧਤ ਔਰਤਾਂ ਵੱਲੋਂ ਘਰਾਂ ਦੇ ਚੁੱਲ੍ਹਿਆਂ ਦੇ ਨਾਲ ਸੰਘਰਸ਼ ਦੇ ਮੈਦਾਨ ਵਿੱਚ ਹਾਜ਼ਰੀ ਲਵਾਈ ਜਾ ਰਹੀ ਹੈ। ਜ਼ਮੀਨਾਂ ਨੂੰ ਖੁੱਸਣ ਤੋਂ ਬਚਾਉਣ ਲਈ ਘਰਾਂ ਦੀਆਂ ਬਜ਼ੁਰਗ ਬੀਬੀਆਂ ਤੋਂ ਲੈ ਕੇ ਬੱਚੀਆਂ ਵੀ ਕਿਸਾਨੀ ਧਰਨਿਆਂ ਵਿੱਚ ਮੋਦੀ ਸਰਕਾਰ ਨੂੰ ਵੰਗਾਰ ਪਾ ਰਹੀਆਂ ਹਨ।
ਘਰਾਂ ਦੇ ਚੁੱਲ੍ਹੇ ਚਲਾਉਣ ਵਾਲੀਆਂ ਬੀਬੀਆਂ ਚੁੱਲ੍ਹਿਆਂ ਦੀ ਅੱਗ ਬੁਝਣ ਤੋਂ ਬਚਾਉਣ ਲਈ ਗਰਮਜੋਸ਼ੀ ਨਾਲ ਧਰਨਿਆਂ ਵਿੱਚ ਨਾਅਰੇ ਮਾਰ ਰਹੀਆਂ ਹਨ। ਪਿੰਡ ਭੋਤਨਾ ਵਿੱਚ ਐੱਸਾਰ ਪੰਪ ਅੱਗੇ ਲੱਗੇ ਧਰਨੇ ਵਿੱਚ ਬੈਠੀ ਪਰਮਿੰਦਰ ਕੌਰ ਨੇ ਦੱਸਿਆ ਕਿ ਔਰਤਾਂ ਅਤੇ ਕਿਸਾਨੀ ਸੰਘਰਸ਼ ਨੂੰ ਵੱਖ-ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਔਰਤਾਂ ਹਮੇਸ਼ਾ ਹੀ ਕਿਸਾਨਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਉਂਦੀਆਂ ਰਹੀਆਂ ਹਨ। ਪਹਿਲਾਂ ਅਸੀਂ ਘਰਾਂ ਵਿੱਚੋਂ ਸਿਰਫ਼ ਲੰਗਰ ਪਕਾ ਕੇ ਸੰਘਰਸ਼ ਵਿੱਚ ਭੇਜਦੀਆਂ ਸਾਂ, ਪਰ ਹੁਣ ਖ਼ੁਦ ਹਕੂਮਤ ਨੂੰ ਵੰਗਾਰ ਪਾਉਣ ਮੈਦਾਨ ਵਿੱਚ ਆ ਰਹੀਆਂ ਹਾਂ।
ਕੁਲਵੰਤ ਕੌਰ ਨੇ ਕਿਹਾ ਕਿ ਜੇਕਰ ਔਰਤਾਂ ਅੱਜ ਵੀ ਘਰਾਂ ਵਿੱਚੋਂ ਨਾ ਨਿਕਲੀਆਂ ਤਾਂ ਕੱਲ੍ਹ ਨੂੰ ਸਿਰਫ਼ ਪਛਤਾਵਾ ਪੱਲੇ ਰਹਿ ਜਾਵੇਗਾ। ਸਰਕਾਰਾਂ ਸਾਡੀਆਂ ਜ਼ਮੀਨਾਂ ਖੋਹਣ ਚਾਹੁੰਦੀਆਂ ਹਨ ਅਤੇ ਜ਼ਮੀਨਾਂ ਲਈ ਜੇਕਰ ਜਾਨਾਂ ਵੀ ਦੇਣੀਆਂ ਪਈਆਂ ਤਾਂ ਪਿੱਛੇ ਨਹੀਂ ਹਟਾਂਗੀਆਂ। ਹਰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਵਾਲੀ ਪ੍ਰੇਮਪਾਲ ਕੌਰ ਨੇ ਕਿਹਾ ਕਿ ਇਹ ਪਹਿਲਾ ਸਮਾਂ ਨਹੀਂ ਜਦੋਂ ਔਰਤਾਂ ਨੇ ਸੰਘਰਸ਼ ਦੀ ਕਮਾਨ ਸੰਭਾਲੀ ਹੈ। ਬਲਕਿ ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਕਿਸਾਨ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ 45 ਦਿਨ ਚੱਲੇ ਸੰਘਰਸ਼ ਮੌਕੇ ਵੀ ਔਰਤਾਂ ਦੀ ਗਿਣਤੀ ਵਿੱਚ ਹਜ਼ਾਰਾਂ ਵਿੱਚ ਹੁੰਦੀ ਰਹੀ ਹੈ।
ਇਸ ਮੌਕੇ ਅਮਰਜੀਤ ਕੌਰ ਜੋਧਪੁਰ ਨੇ ਕਿਹਾ ਕਿ ਹੁਣ ਭਾਵੇਂ ਬਲਾਕ ਜਾਂ ਜ਼ਿਲ੍ਹਾ ਪੱਧਰ ਉਪਰ ਚੱਲ ਰਹੇ ਧਰਨਿਆਂ ਵਿੱਚ ਬੀਬੀਆਂ ਆ ਰਹੀਆਂ ਹਨ। ਜੇਕਰ ਇਹ ਸੰਘਰਸ਼ ਦਿੱਲੀ ਵੱਲ ਕੂਚ ਕਰਦਾ ਹੈ ਤਾਂ ਔਰਤਾਂ ਬਰਾਬਰ ਦਿੱਲੀ ਸੰਘਰਸ਼ ਵਿੱਚ ਵੀ ਸ਼ਾਮਲ ਹੋਣਗੀਆਂ।