ਪੱਤਰ ਪ੍ਰੇਰਕ
ਕੁਰਾਲੀ, 4 ਜੂਨ
ਇੱਕ ਵਰ੍ਹੇ ਪਹਿਲਾਂ ਖੇਤਰ ਦੇ ਕਈ ਪਿੰਡਾਂ ਵਿੱਚ ਗੜੇਮਾਰੀ ਕਾਰਨ ਹੋਏ ਨੁਕਸਾਨ ਲਈ ਮੁਆਵਜ਼ਾ ਉਡੀਕ ਰਹੇ ਕਿਸਾਨਾਂ ਦੇ ਹੱਕ ਵਿੱਚ ਅੱਜ ਲੋਕ ਹਿੱਤ ਮਿਸ਼ਨ ਵੱਲੋਂ ਬੜੌਦੀ ਦੇ ਟੌਲ ਪਲਾਜ਼ਾ ’ਤੇ ਚੱਕਾ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਕਾਰਨ ਕੁਰਾਲੀ-ਚੰਡੀਗੜ੍ਹ ਮਾਰਗ ’ਤੇ ਕਈ ਘੰਟੇ ਜਾਮ ਦੀ ਸਥਿਤੀ ਬਣੀ ਰਹੀ। ਇਸ ਮੌਕੇ ਆਗੂਆਂ ਨੇ ਕਿਸਾਨ ਮਸਲਿਆਂ ਨੂੰ ਅਣਦੇਖਿਆ ਕਰਨ ਤੇ ਸਾਰੀਆਂ ਪਾਰਟੀਆਂ ’ਤੇ ਕਿਸਾਨਾਂ ਦੇ ਨਾਂ ਉੱਤੇ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ।
ਕਿਸਾਨ ਆਗੂਆਂ ਹਰਜੀਤ ਸਿੰਘ ਹਰਮਨ, ਗੁਰਮੀਤ ਸਿੰਘ ਸ਼ਾਂਟੂ, ਸੁਖਦੇਵ ਸਿੰਘ ਸੁੱਖਾ ਕੰਸਾਲਾ ਅਤੇ ਹੋਰਨਾਂ ਨੇ ਦੱਸਿਆ ਕਿ ਇਲਾਕੇ ਦੇ ਪਿੰਡ ਮੁੰਧੋਂ ਸੰਗਤੀਆਂ, ਮੁੰਧੋਂ ਮਸਤਾਨਾ, ਮੁੰਧੋਂ ਭਾਗ ਸਿੰਘ, ਅਕਾਲਗੜ੍ਹ ਤੇ ਸਲੇਮਪੁਰ ਆਦਿ ’ਚ ਪਿਛਲੇ ਵਰ੍ਹੇ ਗੜੇਮਾਰੀ ਨਾਲ ਕਣਕ ਅਤੇ ਹੋਰ ਫਸਲਾਂ ਮਾਰੀਆਂ ਗਈਆਂ ਸਨ। ਮਾਲ ਵਿਭਾਗ ਵੱਲੋਂ ਖਰਾਬੇ ਦੀਆਂ ਰਿਪੋਰਟਾਂ ਤਿਆਰ ਕਰਨ ਦੇ ਚੌਦਾਂ ਮਹੀਨੇ ਬੀਤਣ ਮਗਰੋਂ ਕਿਸਾਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਿਆ। ਇਸ ਦੌਰਾਨ ਐਸਡੀਐਮ ਹਿਮਾਸ਼ੂ ਜੈਨ, ਡੀਐੱਸਪੀ ਪਾਲ ਸਿੰਘ, ਤਹਿਸੀਲਦਾਰ ਖਰੜ ਜਸਵਿੰਦਰ ਸਿੰਘ ਨੇ ਧਰਨਾ ਵੀ ਥਾਂ ’ਤੇ ਪਹੁੰਚ ਕੇ ਮਿਸ਼ਨ ਨੂੰ ਭਰੋਸਾ ਦਿੱਤਾ ਕਿਸਾਨਾਂ ਨੂੰ ਪੰਦਰਾਂ ਦਿਨਾਂ ਅੰਦਰ ਮੁਆਵਜ਼ਾ ਦੇ ਦਿੱਤਾ ਜਾਵੇਗਾ। ਇਸ ਮਗਰੋਂ ਮੁਜ਼ਹਰਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।