ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 20 ਨਵੰਬਰ
ਗੜ੍ਹਸ਼ੰਕਰ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿੱਤ ਹੋਟਲ ਓਏਸਿਸ ਨਜ਼ਦੀਕ ਅੱਜ ਤੜਕਸਾਰ ਕਰੀਬ ਚਾਰ ਵਜੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਬੇਕਾਬੂ ਹੋਈ ਇੱਕ ਟੂਰਿਸਟ ਬੱਸ ਡਿਵਾਈਡਰ ’ਤੇ ਜਾ ਚੜ੍ਹੀ। ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਰਾਮ ਦਲਾਲ ਕੰਪਨੀ ਦੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਬੱਸ ਵਿਚ ਸਵਾਰੀਆਂ ਦਾ ਵਾਲ ਵਾਲ ਬਚਾਅ ਹੋ ਗਿਆ। ਬੱਸ ਨਾਲ ਸਟਰੀਟ ਲਾਈਟਾਂ ਵਾਲਾ ਖੰਭਾ ਤੇ ਡਿਵਾਈਡਰ ਟੁੱਟ ਗਏ ਹਾਦਸੇ ਕਾਰਨ ਬੱਸ ਕਾਫੀ ਦੂਰ ਤੱਕ ਸੱਭ ਕੁਝ ਦਰੜਦੀ ਲੈ ਗਈ। ਬਸ ਚਾਲਕ ਤਰਸੇਮ ਸਿੰਘ ਪਿੰਡ ਜਗਾਲਪੁਰ ਨੇ ਦੱਸਿਆ ਕਿ ਉਹ ਦਿੱਲੀ ਤੋਂ ਪਠਾਨਕੋਟ ਜਾ ਰਿਹਾ ਸੀ ਕਿ ਜਦ ਉਹ ਗੜ੍ਹਸ਼ੰਕਰ ਪਹੁੰਚਿਆ ਤਾਂ ਸੈਰ ’ਤੇ ਜਾ ਰਹੀਆਂ ਔਰਤਾਂ ਨੂੰ ਬਚਾਉਂਦੇ ਹੋਏ ਬੱਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਉਹ ਡਿਵਾਈਡਰ ’ਤੇ ਜਾ ਚੜ੍ਹੀ।
ਸੜਕ ਹਾਦਸੇ ’ਚ ਐੱਚਡੀਐੱਫਸੀ ਦਾ ਮੁਲਾਜ਼ਮ ਹਲਾਕ
ਬਟਾਲਾ (ਖੇਤਰੀ ਪ੍ਰਤੀਨਿਧ): ਨੇੜਲੇ ਪਿੰਡ ਰੰਗੜ ਨੰਗਲ ਕੋਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਮਰਨਜੀਤ ਸਿੰਘ (25) ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਵੀਲ੍ਹਾ ਬੱਜੂ ਵਜੋਂ ਹੋਈ ਹੈ। ਮ੍ਰਿਤਕ ਐਚਡੀਐਫਸੀ ਬੈਂਕ ਦੀ ਬ੍ਰਾਂਚ ਬਟਾਲਾ ਵਿੱਚ ਨੌਕਰੀ ਕਰਦਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਸਿਮਰਨਜੀਤ ਸਿੰਘ ਅੱਜ ਸਵੇਰੇ ਆਪਣੇ ਘਰ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੈਂਕ ਲਈ ਬਟਾਲਾ ਆ ਰਿਹਾ ਸੀ ਅਤੇ ਜਦੋਂ ਉਹ ਪਿੰਡ ਰੰਗੜ ਨੰਗਲ ਕੋਲ ਪਹੁੰਚਿਆ ਤਾਂ ਅਚਾਨਕ ਉਸ ਦੇ ਮੋਟਰਸਾਈਕਲ ਅੱਗੇ ਆਏ ਇੱਕ ਵਿਅਕਤੀ ਨੂੰ ਬਚਾਉਂਦਿਆਂ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਉਹ ਸੜਕ ’ਤੇ ਡਿੱਗ ਪਿਆ। ਸੜਕ ’ਤੇ ਡਿੱਗਣ ਕਾਰਨ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਜੋ ਉਸ ਲਈ ਜਾਨਲੇਵਾ ਸਾਬਤ ਹੋਈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਅਜੇ ਕੁਆਰਾ ਸੀ। ਥਾਣਾ ਰੰਗੜ ਦੀ ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਮੋਟਰਸਾਈਕਲ ਤੇ ਟਰੱਕ ਦੀ ਟੱਕਰ ’ਚ ਨੌਜਵਾਨ ਹਲਾਕ
ਗੁਰਦਾਸਪੁਰ (ਨਿੱਜੀ ਪੱਤਰ ਪੇ੍ਰਕ): ਪੁਰਾਣਾ ਸ਼ਾਲਾ ਨੇੜੇ ਮੋਟਰਸਾਈਕਲ ਅਤੇ ਟਰੱਕ ਦੀ ਸਿੱਧੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਭੁੱਲੇ ਚੱਕ ਨਿਵਾਸੀ ਇੰਦਰ ਸਿੰਘ (34) ਪੁੱਤਰ ਕੁਲਵੰਤ ਸਿੰਘ ਆਪਣੀ ਪਤਨੀ ਨਾਲ ਪਿੰਡ ਝੰਡੇ ਤੋਂ ਸਮਾਗਮ ’ਚ ਸ਼ੂਮਲੀਅਤ ਕਰਕੇ ਘਰ ਪਰਤ ਰਿਹਾ ਸੀ ਕਿ ਰਾਹ ’ਚ ਤੇਜ਼ ਰਫ਼ਤਾਰ ਟਰੱਕ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ ਜਿਸ ’ਚ ਇੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਪਤਨੀ ਇਸ ਘਟਨਾ ਵਿੱਚ ਵਾਲ-ਵਾਲ ਬਚ ਗਈ। ਪੁਲੀਸ ਨੇ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।