ਸੰਜੀਵ ਹਾਂਡਾ
ਫਿਰੋਜ਼ਪੁਰ, 27 ਦਸੰਬਰ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫ਼ਿਰੋਜ਼ਪੁਰ ਦੇ ਮੁੱਦਕੀ ਵਿਚ 3.71 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ। ਆਧੁਨਿਕ ਸਹੂਲਤਾਂ ਵਾਲਾ ਇਹ ਬੱਸ ਅੱਡਾ ਲਗਭਗ 17 ਕਨਾਲ ਜ਼ਮੀਨ ’ਤੇ ਉਸਾਰਿਆ ਜਾਵੇਗਾ।
ਇਸ ਮੌਕੇ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੀ ਇਸ ਮੰਗ ਨੂੰ ਪੂਰਾ ਕਰਨ ਦੀ ਲੋੜ ਸੀ ਜਿਸ ਦੀ ਅੱਜ ਇਹ ਨੀਂਹ ਪੱਥਰ ਰੱਖਣ ਨਾਲ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਆਪਣੀਆਂ ਨਿੱਜੀ ਬੱਸਾਂ ਦੁਆਰਾ ਟਰਾਂਸਪੋਰਟ ਮਾਫ਼ੀਆ ਕਾਇਮ ਕਰ ਕੇ ਸੂਬੇ ਦੇ ਮਾਲੀਏ ਦੀ ਲੁੱਟ ਕੀਤੀ ਤੇ ਅਪਣਾ ਘਰ ਭਰਦਾ ਰਿਹਾ।
ਉਨ੍ਹਾਂ ਕਾਂਗਰਸ ਸਰਕਾਰ ਨੂੰ ਸੱਚੀ ਲੋਕ ਹਿਤੈਸ਼ੀ ਪਾਰਟੀ ਦੱਸਦਿਆਂ ਕਿਹਾ ਕਿ ਪਾਰਟੀ ਸੂਬੇ ਦੇ ਲੋਕਾਂ ਦੀ ਭਲਾਈ ਤੇ ਵਿਕਾਸ ਲਈ ਹਰ ਸੰਭਵ ਕਦਮ ਚੁੱਕਣ ਲਈ ਤੱਤਪਰ ਹੈ। ਇਸ ਮੌਕੇ ਵਿਧਾਇਕਾ ਸਤਕਾਰ ਕੌਰ ਗਹਿਰੀ ਨੇ ਟਰਾਂਸਪੋਰਟ ਮੰਤਰੀ ਦਾ ਧੰਨਵਾਦ ਕੀਤਾ।