ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੂਨ
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਸਰਕਾਰ ਦੇ ਬਦਲਣ ਤੱਕ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਲੋਕਾਂ ਦੀ ਲਿਸਟ ਵੱਧਦੀ ਜਾ ਰਹੀ ਹੈ। ਦਰਅਸਲ, ਪਹਿਲਾਂ ਆਰਟੀਏ ਦੇ ਅਧੀਨ ਆਉਂਦੇ ਡਰਾਈਵਿੰਗ ਟੈਸਟ ਟਰੈਕ ਸਿਵਲ ਲਾਈਨ, ਸੈਕਟਰ-32 ਸਥਿਤ ਡਰਾਈਵਿੰਗ ਟੈਸਟ ਟਰੈਕ ’ਤੇ ਜਗਰਾਉਂ ’ਚ ਬਿਨਾਂ ਟੈਸਟ ਦੇ ਲਾਇਸੈਂਸ ਬਣਾਉਣ ਦਾ ਕੰਮ ਧੜੱਲੇ ਨਾਲ ਕੀਤਾ ਜਾ ਰਿਹਾ ਸੀ। ਜਿਸ ’ਚ ਲਰਨਿੰਗ ਤੇ ਪੱਕੇ ਲਾਇਸੈਂਸ ਦੇ ਲਈ ਬਿਨਾਂ ਟੈਸਟ ਦੇ ਲਾਇਸੈਂਸ ਬਣਾ ਦਿੱਤਾ ਜਾਂਦਾ ਸੀ। ਪਰ ਜਨਵਰੀ, ਫਰਵਰੀ ਵਿੱਚ ਪੱਕੇ ਲਾਇਸੈਂਸ ਲਈ ਅਪਾਇੰਟਮੈਂਟ ਲੈਣ ਵਾਲੇ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਬਣ ਰਹੇ ਹਨ। ਦਰਅਸਲ, ਸਰਕਾਰ ਬਦਲਣ ਤੋਂ ਬਾਅਦ ਟੈਸਟ ਟਰੈਕ ’ਤੇ ਪੈਸੇ ਲੈ ਕੇ ਬਿਨਾਂ ਟੈਸਟ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੰਮ ਕਾਫ਼ੀ ਘਟ ਗਿਆ ਹੈ। ਜਿਸ ਕਾਰਨ ਇੱਕ ਅੰਦਾਜ਼ੇ ਮੁਤਾਬਕ 2000 ਤੋਂ ਵੱਧ ਡਰਾਈਵਿੰਗ ਲਾਇਸੈਂਸ ਪੈਂਡਿੰਗ ਪਏ ਹਨ। ਦੱਸ ਦੇਈਏ ਕਿ ਰੋਜ਼ਾਨਾ 80 ਦੇ ਕਰੀਬ ਪੱਕੇ ਲਾਇਸੈਂਸ ਲਈ ਲੋਕ ਆਉਂਦੇ ਸਨ। ਜਿਸ ’ਚੋਂ 20 ਲੋਕ ਅਜਿਹੇ ਹੁੰਦੇ ਸਨ, ਜਿਨ੍ਹਾਂ ਦਾ ਬਿਨਾਂ ਟੈਸਟ ਲਏ ਹੀ ਲਾਇਸੈਂਸ ਪਾਸ ਕਰ ਦਿੱਤਾ ਜਾਂਦਾ ਸੀ ਤੇ ਲਾਇਸੈਂਸ ਸਿੱਧਾ ਉਨ੍ਹਾਂ ਦੇ ਘਰ ਆਉਂਦਾ ਸੀ। ਇਹੀ ਨਹੀਂ ਲਰਨਿੰਗ ਲਾਇਸੈਂਸ ਜਿਸਦੀ ਬਾਅਦ ’ਚ ਤਾਰੀਕ ਮਿਲਦੀ ਸੀ, ਇਸੇ ਤਰ੍ਹਾਂ ਦੇ ਕੇਸ ਵੀ ਹੁਣ ਪੈਂਡਿੰਗ ਹਨ। ਇਸ ’ਚ ਕਈ ਰੱਦ ਵੀ ਹੋ ਚੁੱਕੇ ਹਨ। ਟਰੈਕ ਇੰਚਾਰਜ ਸੁਖਜਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਟਰੈਕ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਤਰੀਕੇ ਨਾਲ ਲਾਇਸੈਂਸ ਬਣਾਉਣ ਦਾ ਕੰਮ ਨਹੀਂ ਕੀਤਾ ਜਾ ਰਿਹਾ। ਮੁਲਾਜ਼ਮਾਂ ਨੂੰ ਸਖ਼ਤੀ ਨਾਲ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਨ੍ਹਾਂ ਲੋਕਾਂ ਨੇ ਗਲਤ ਤਰੀਕੇ ਨਾਲ ਲਾਇਸੈਂਸ ਬਣਵਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ।