ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਫਰਵਰੀ
ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੋਂ 329 ਪੇਟੀਆਂ (3948 ਬੋਤਲਾਂ) ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪਹਿਲੀ ਘਟਨਾ ਇੰਡਸਟਰੀਅਲ ਏਰੀਆ ਵਿੱਚ ਵਾਪਰੀ ਹੈ ਜਿੱਥੋਂ ਪੁਲੀਸ ਨੇ 300 ਪੇਟੀਆਂ ਸ਼ਰਾਬ ਦੀ ਬਰਾਮਦ ਕੀਤੀਆਂ ਹਨ। ਦੂਜੇ ਮਾਮਲੇ ’ਚ ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਪੁਲੀਸ ਚੌਕੀ ਸੈਕਟਰ 24 ਦੇ ਨਜ਼ਦੀਕ ਤੋਂ ਕਾਰ ਵਿੱਚੋਂ 16 ਪੇਟੀਆਂ (192 ਬੋਤਲਾਂ) ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਕਾਰ ਚਾਲਕ ਸੰਜੀਵ ਕੁਮਾਰ ਵਾਸੀ ਮੁਹਾਲੀ ਨੂੰ ਕਾਬੂ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਾਡਰਨ ਹਾਉਸਿੰਗ ਕੰਪਲੈਕਸ, ਮਨੀਮਾਜਰਾ ਵਿੱਚ ਖੜ੍ਹੀ ਕਾਰ ਵਿੱਚੋਂ 13 ਪੇਟੀਆਂ (156 ਬੋਤਲਾਂ) ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਕਾਰ ’ਚ ਸਵਾਰ ਕਮਲਜੀਤ ਸਿੰਘ ਵਾਸੀ ਸੈਕਟਰ 40 ਨੂੰ ਕਾਬੂ ਕਰ ਲਿਆ ਹੈ।