ਜੋਗਿੰਦਰ ਸਿੰਘ ਮਾਨ
ਮਾਨਸਾ, 27 ਦਸੰਬਰ
ਮਾਲਵਾ ਖੇਤਰ ਵਿੱਚ ਸਰਦ ਰੁੱਤ ਦੀ ਅਜੇ ਤੱਕ ਪਹਿਲੀ ਬਾਰਸ਼ ਨਾ ਹੋਣ ਕਾਰਨ ਹਵਾ ਵਿਚ ਨਮੀ ਦੀ ਘਾਟ ਕਾਰਨ ਪੈ ਰਹੀ ਸੁੱਕੀ ਠੰਢ ਨੇ ਫ਼ਸਲਾਂ ਦਾ ਵਾਧਾ ਰੋਕ ਦਿੱਤਾ ਹੈ। ਖੇਤੀਬਾੜੀ ਮਹਿਕਮੇ ਨੇ ਫ਼ਸਲਾਂ ਨੂੰ ਪਾਣੀ ਲਾਉਣ ਅਤੇ ਨਾਲ ਹੀ ਲੋੜੀਂਦੀ ਯੂਰੀਆ ਖਾਦ ਖਿਲਾਰਨ ਦੀ ਸਲਾਹ ਦਿੱਤੀ ਹੈ। ਮੀਂਹ ਨਾ ਪੈਣ ਕਾਰਨ ਬਰਾਨੀ ਖੇਤਾਂ ਵਿਚ ਖੜ੍ਹੀ ਸਰ੍ਹੋਂ, ਛੋਲੇ ਅਤੇ ਹੋਰ ਫ਼ਸਲਾਂ ਪਾਣੀ ਦੀ ਘਾਟ ਮਹਿਸੂਸ ਕਰਨ ਲੱਗੀਆਂ ਹਨ। ਉੱਧਰ ਸੁੱਕੀ ਠੰਢ ਨੇ ਲੋਕਾਂ ਦਾ ਰਹਿਣ-ਬਸੇਰਾ ਵੀ ਪ੍ਰਭਾਵਤ ਕੀਤਾ ਹੈ। ਭਾਵੇਂ ਬੀਤੇ ਦਿਨ ਹਲਕੀਆਂ-ਫੁਲਕੀਆਂ ਕਣੀਆਂ ਵੀ ਕੁਝ ਥਾਵਾਂ ’ਤੇ ਡਿੱਗੀਆਂ ਹਨ, ਜਿਸ ਨਾਲ ਮੀਂਹ ਪੈਣ ਦੀ ਸੰਭਾਵਨਾ ਬਣ ਗਈ ਸੀ, ਪਰ ਅੱਜ ਬੱਦਲਵਾਈ ਉੱਡ ਗਈ ਹੈ, ਜਿਸ ਤੋਂ ਜਾਪਦਾ ਹੈ ਕਿ ਮੱਘਰ ਮਹੀਨੇ ਵਾਂਗ ਪੋਹ ਵੀ ਸੁੱਕਾ ਹੀ ਲੰਘੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਕਿਹਾ ਕਿ ਬੇਸ਼ੱਕ ਅੱਜ ਦਿਨ ਵੇਲੇ ਚੰਗੀ ਧੁੱਪ ਨਿਕਲੀ ਹੈ, ਜਿਸ ਕਾਰਨ ਕਣਕ ਸਮੇਤ ਹੋਰ ਤੇਲ ਬੀਜ ਅਤੇ ਫ਼ਲੀਦਾਰ ਸਾਰੀਆਂ ਫ਼ਸਲਾਂ ਨੂੰ ਪਾਣੀ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕਣਕ ਨੂੰ ਬਿਜਾਈ ਦੇ ਮੁਤਾਬਕ ਪਾਣੀ ਦੇਣ ਦਾ ਢੁੱਕਵਾਂ ਸਮਾਂ ਹੈ, ਜਦਕਿ ਸਰ੍ਹੋਂ, ਛੋਲੇ, ਸਬਜ਼ੀਆਂ, ਪਸ਼ੂਆਂ ਦਾ ਹਰਾ-ਚਾਰਾ ਪਾਣੀ ਦੀ ਲੋੜ ਮਹਿਸੂਸ ਕਰਨ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਸਲਾਂ ਦਾ ਵਾਧਾ ਹੀ ਹੁਣ ਪਾਣੀ ਦੇਣ ਨਾਲ ਸ਼ੁਰੂ ਹੋਣਾ ਹੈ, ਜਿਸ ਕਰਕੇ ਹਾੜੀ ਦੀਆਂ ਸਾਰੀਆਂ ਫ਼ਸਲਾਂ ਨੂੰ ਦਿਨ ਵੇਲੇ ਪਾਣੀ ਲਾਇਆ ਜਾਣਾ ਚਾਹੀਦਾ ਹੈ।
ਇਸੇ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਰਾਜ ਕੁਮਾਰ ਪਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਉੱਤਰੀ ਭਾਰਤ ਵਿੱਚ ਲਗਾਤਾਰ ਠੰਢ ਵੱਧਣ ਕਾਰਨ ਰਾਤ ਦੇ ਤਾਪਮਾਨ ’ਚ ਭਾਰੀ ਗਿਰਾਵਟ ਅਤੇ ਦਿਨ ਵੇਲੇ ਵੀ ਠੰਢ ਵਧਣ ਦੀ ਮੌਸਮ ਮਹਿਕਮੇ ਤੋਂ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨ ਵਿੱਚ ਘੱਟੋ-ਘੱਟ ਤਾਪਮਾਨ 5 ਤੋਂ 2 ਡਿਗਰੀ ਤੱਕ ਰਹਿ ਸਕਦਾ ਹੈ।
ਉੱਧਰ ਰਾਤ ਦੀ ਠੰਢ ਵੱਧਣ ਕਾਰਨ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਝੁੱਗੀਆਂ-ਝੌਪੜੀਆਂ ਵਿਚ ਰਹਿਣ ਵਾਲੇ ਲੋਕਾਂ ਲਈ ਹੋਰ ਵੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ, ਕਿਉਂਕਿ ਠੰਢ ਤੋਂ ਬਚਣ ਲਈ ਇਨ੍ਹਾਂ ਪਾਸ ਲੋੜੀਂਦੇ ਕੱਪੜੇ ਤੇ ਕੰਬਲ ਵੀ ਨਹੀਂ ਹਨ। ਦੂਜੇ ਪਾਸੇ ਸ਼ਹਿਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਵੀ ਗਰੀਬਾਂ ਨੂੰ ਕੰਬਲ ਆਦਿ ਦੇਣ ਲਈ ਸਰਗਰਮ ਹੋ ਗਈਆਂ ਹਨ ਤਾਂ ਜੋ ਇਸ ਠੰਢ ਦੌਰਾਨ ਗਰੀਬ ਲੋਕਾਂ ਦੀ ਲੋੜੀਂਦੀ ਮਦਦ ਹੋ ਸਕੇ।
ਦਿਨ ਵੇਲੇ ਦਸ ਘੰਟੇ ਬਿਜਲੀ ਦੇਣ ਦੀ ਮੰਗ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਲਈ 10 ਘੰਟੇ ਦਿਨ ਵੇਲੇ ਰੋਜ਼ਾਨਾ ਬਿਜਲੀ ਦਿੱਤੀ ਜਾਵੇ ਕਿਉਂਕਿ ਅੱਜ-ਕੱਲ ਰਾਤ ਵੇਲੇ ਛੱਡੀ ਜਾਂਦੀ ਬਿਜਲੀ ਨਾਲ ਕਿਸਾਨਾਂ ਨੂੰ ਖੇਤਾਂ ਵਿਚ ਪਾਣੀ ਲਾਉਣ ਲਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਦ ਨਹਿਰਾਂ ਵਿੱਚ ਤੁਰੰਤ ਪਾਣੀ ਛੱਡਣ ਦੀ ਲੋੜ ਹੈ।