ਖੇਤਰੀ ਪ੍ਰਤੀਨਿਧ
ਧੂਰੀ, 8 ਜੂਨ
ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੇ ਆਪਣੇ ਜੱਦੀ ਪਿੰਡ ਪੁੰਨਾਵਾਲ ਸਣੇ ਇਲਾਕੇ ਦੇ ਹੋਰਨਾਂ ਪਿੰਡਾਂ ਵਿੱਚ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਇਸ ਦੌਰਾਨ ਦਲਬੀਰ ਗੋਲਡੀ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਪਾਰਟੀ ਦੇ ਆਮ ਲੋਕਾਂ ਦੇ ਉਮੀਦਵਾਰ ਹਨ, ਜੋ ਜ਼ਮੀਨ ’ਤੇ ਰਹਿ ਕੇ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਭਰੋਸਾ ਗੁਆ ਲਿਆ ਹੈ ਤੇ ਪੰਜਾਬ ਵਾਸੀਆਂ ਨੂੰ ਹੁਣ ਆਪਣੀ ਗ਼ਲਤੀ ’ਤੇ ਪਛਤਾਵਾ ਹੋਣ ਲੱਗ ਪਿਆ ਹੈ।
ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ, ਕਿਉਂਕਿ ‘ਆਪ’ ਉਮੀਦਵਾਰਾਂ ਨੇ ਵੱਡੇ-ਵੱਡੇ ਵਾਅਦੇ ਕਰਕੇ ਜਿੱਤ ਤਾਂ ਹਾਸਲ ਕਰ ਲਈ, ਪਰ ‘ਆਪ’ ਸਰਕਾਰ ਪੰਜਾਬ ਦੇ ਹਾਲਾਤ ਲੋਕਾਂ ਦੇ ਅਨਕੂਲ ਰੱਖ ਸਕਣ ਤੋਂ ਅਸਮਰੱਥ ਸਾਬਤ ਹੋਈ ਹੈ। ਉਨ੍ਹਾਂ ਕਿਹਾ ਪੰਜਾਬ ’ਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹੈ ਅਤੇ ਕਤਲ ਤੇ ਲੁੱਟ-ਖੋਹ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਇਸ ਮੌਕੇ ਦਲਬੀਰ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਨੇ ਵੀ ਉਸ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰਦਿਆਂ ਕਈ ਪਿੰਡਾਂ ਵਿੱਚ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ।