ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਅਕਤੂਬਰ
ਏਸ਼ੀਆ ਦੀ ਵੱਡੀ ਮੰਡੀ ਖੰਨਾ ਵਿੱਚ ਪਿਛਲੇ ਛੇ ਦਿਨਾਂ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਲਗਾਤਾਰ ਜਾਰੀ ਹੈ, ਪਰ ਇਸ ਵਿਚ ਅਜੇ ਤੱਕ ਕਿਸੇ ਵੀ ਪ੍ਰਾਈਵੇਟ ਅਦਾਰੇ ਨੇ ਇੱਕ ਵੀ ਦਾਣਾ ਨਹੀਂ ਖ਼ਰੀਦਿਆਂ। ਜਦੋਂਕਿ ਸਰਕਾਰੀ ਖ਼ਰੀਦ ਏਜੰਸੀਆਂ ਵਿੱਚ ਪਨਗਰੇਨ ਸਭ ਤੋਂ ਮੋਹਰੀ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਅਨੁਸਾਰ ਮੰਡੀਆਂ ਵਿੱਚ ਹਰ ਤਰ੍ਹਾਂ ਦੀ ਖ਼ਰੀਦ ਦੇ ਪ੍ਰਬੰਧ ਮੁਕੰਮਲ ਹਨ ਅਤੇ ਕੱਲ੍ਹ ਤੋਂ ਲਿਫਟਿੰਗ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ, ਪਰ ਦੂਜੇ ਪਾਸੇ ਅਜੇ ਵੀ ਕਰੀਬ ਦੋ ਲੱਖ ਕੁਇੰਟਲ ਖ਼ਰੀਦੇ ਝੋਨੇ ਦੇ ਮੰਡੀਆਂ ਵਿਚ ਅੰਬਾਰ ਲੱਗੇ ਹੋਏ ਹਨ।
ਮਾਰਕੀਟ ਕਮੇਟੀ ਦੇ ਸਕੱਤਰ ਦਲਵਿੰਦਰ ਸਿੰਘ ਨੇ ਕਿਹਾ ਕਿ ਮੰਡੀ ਵਿਚ ਕੱਲ੍ਹ ਸ਼ਾਮ ਤੱਕ 2,15,549 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਸਭ ਤੋਂ ਵੱਧ ਪਨਗ੍ਰੇਨ ਨੇ 1,06,965 ਕੁਇੰਟਲ, ਮਾਰਕਫ਼ੈੱਡ ਨੇ 43008 ਕੁਇੰਟਲ, ਪਨਸਪ ਨੇ 38365 ਕੁਇੰਟਲ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਨੇ 25030 ਕੁਇੰਟਲ ਝੋਨਾ ਖ਼ਰੀਦਿਆ। ਜਦੋਂਕਿ ਐੱਫਸੀਆਈ ਨੇ ਅਜੇ ਤੱਕ ਕੋਈ ਖ਼ਰੀਦ ਆਰੰਭ ਨਹੀਂ ਕੀਤੀ।
ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ
ਮਾਛੀਵਾੜਾ (ਪੱਤਰ ਪ੍ਰੇਰਕ): ਜ਼ਿਲ੍ਹਾ ਖੁਰਾਕ ਅਫ਼ਸਰ ਹਰਵੀਨ ਕੌਰ ਵੱਲੋਂ ਅੱਜ ਮਾਛੀਵਾੜਾ ਅਨਾਜ ਮੰਡੀ ਵਿੱਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਅਫ਼ਸਰ ਹਰਵੀਨ ਕੌਰ ਨੇ ਦੱਸਿਆ ਕਿ ਖ਼ਰੀਦ ਏਜੰਸੀਆਂ ਵੱਲੋਂ ਕਿਸਾਨਾਂ ਦਾ ਸੁੱਕਾ ਝੋਨਾ ਤੁਰੰਤ ਖ਼ਰੀਦਿਆ ਜਾ ਰਿਹਾ ਹੈ ਅਤੇ ਸੋਮਵਾਰ ਤੋਂ ਮੰਡੀਆਂ ’ਚੋਂ ਫ਼ਸਲ ਦੀ ਲਿਫਟਿੰਗ ਤੇ ਅਦਾਇਗੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਲਈ 70 ਫੀਸਦੀ ਬਾਰਦਾਨਾ ਸ਼ੈੱਲਰ ਮਾਲਕ ਉਪਲੱਬਧ ਕਰਵਾਉਣਗੇ ਅਤੇ 30 ਫੀਸਦੀ ਖ਼ਰੀਦ ਏਜੰਸੀਆਂ ਵੱਲੋਂ ਦਿੱਤਾ ਜਾਵੇਗਾ ਜਿਸ ਦੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਤੇ ਆੜ੍ਹਤੀ ਸ਼ਕਤੀ ਆਨੰਦ ਦੀ ਅਗਵਾਈ ਹੇਠ ਜ਼ਿਲ੍ਹਾ ਖੁਰਾਕ ਅਫ਼ਸਰ ਅੱਗੇ ਕੁਝ ਸਮੱਸਿਆਵਾਂ ਰੱਖੀਆਂ।