ਪੱਤਰ ਪ੍ਰੇਰਕ
ਕੁਰਾਲੀ, 17 ਜੁਲਾਈ
ਸ਼ਹਿਰ ਦੇ ਸਹਿਕਾਰੀ ਬੈਂਕ ਵਿੱਚ ਕਰੀਬ ਡੇਢ ਦਹਾਕਾ ਪਹਿਲਾਂ ਐੱਫਡੀ ਕਰਵਾਉਣ ਵਾਲੀ ਬਜ਼ੁਰਗ ਔਰਤ ਨੇ ਬੈਂਕ ’ਤੇ ਉਸ ਦੀ ਐੱਫਡੀ ਦੀ ਰਕਮ ਨੂੰ ਖੁਰਦ-ਬੁਰਦ ਦਾ ਦੋਸ਼ ਲਗਾਉਂਦੇ ਹੋਏ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਨੇ ਜਮ੍ਹਾਂ ਕਰਵਾਈ ਰਕਮ ਵਿਆਜ਼ ਸਮੇਤ ਵਾਪਸ ਦੇਣ ਦੀ ਮੰਗ ਵੀ ਕੀਤੀ ਹੈ। ਇਸ ਸਬੰਧੀ ਪੀੜਤ ਭਾਗ ਕੌਰ, ਰੁਪਿੰਦਰ ਸਿੰਘ ਅਤੇ ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਕਰੀਬ ਡੇਢ ਦਹਾਕਾ ਪਹਿਲਾਂ ਭਾਗ ਕੌਰ ਵਲੋਂ ਉਸ ਸਮੇਂ ਸ਼ਹਿਰ ਦੀ ਕ੍ਰਿਸ਼ਨਾ ਮੰਡੀ ਵਿੱਚ ਸਥਿਤ ਦੀ ਕੁਰਾਲੀ ਅਰਬਨ ਕੋਅਪਰੇਟਿਵ ਬੈਂਕ ਵਿੱਚ ਇੱਕ ਐੱਫ਼ਡੀ ਕਰਵਾਈ ਗਈ ਸੀ, ਜਿਸ ਦਾ ਕੁਝ ਸਮੇਂ ਬਾਅਦ ਸਿਟੀਜ਼ਨ ਅਰਬਨ ਕੋ-ਆਪਰੇਟਿਵ ਬੈਂਕ ਵਿੱਚ ਰਲੇਵਾਂ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁੜ ਇਸ ਬੈਂਕ ਵਿੱਚ ਸਾਲ 2009 ’ਚ ਉਨ੍ਹਾਂ ਦੀ ਕਰੀਬ ਛਿਆਸੀ ਹਜ਼ਾਰ ਰੁਪਏ ਦੀ ਐਫਡੀ ਇੱਕ ਸਾਲ ਲਈ ਰੀਨਿਊ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਉਨ੍ਹਾਂ ਵਲੋਂ ਬੈਂਕ ਨੂੰ ਸਮੇਂ ਸਮੇਂ ਤੇ ਐਫਡੀ ਦੀ ਰਕਮ ਵਾਪਸ ਕਰਨ ਦੀ ਬੇਨਤੀ ਕੀਤੀ ਗਈ ਹੈ, ਪਰ ਬੈਂਕ ਅਧਿਕਾਰੀਆਂ ਵਲੋਂ ਐਫਡੀ ਖਤਮ ਕਰਕੇ ਉਨ੍ਹਾਂ ਦੀ ਰਕਮ ਵਾਪਸ ਕਰਨ ਦੀ ਬਜਾਏ ਇਸ ਨੂੰ ਅੱਗੇ ਹੋਰ ਸਮੇਂ ਲਈ ਹੀ ਰੀਨਿਊ ਕਰ ਦਿੱਤਾ ਜਾਂਦਾ ਰਿਹਾ ਹੈ ਤੇ ਹੁਣ ਬੈਂਕ ਰਕਮ ਦੇਣ ਤੋਂ ਇਨਕਾਰੀ ਹੋ ਰਿਹਾ ਹੈ।
ਇਸ ਸਬੰਧੀ ਸਥਾਨਕ ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਦੇ ਬ੍ਰਾਂਚ ਮੇਨੈਜਰ ਯਾਦਵਿੰਦਰ ਭਾਟੀਆ ਨੇ ਕਿਹਾ ਕਿ ਬੈਂਕ ਦੇ ਰਿਕਾਰਡ ਅਨੁਸਾਰ ਭਾਗ ਕੌਰ ਵਲੋਂ ਕਾਰਵਾਈ ਗਈ ਐਫਡੀ ’ਤੇ ਕੁਰਾਲੀ ਅਰਬਨ ਕੋਆਪਰੇਟਿਵ ਬੈਂਕ ਦੇ ਸਮੇਂ ਤੋਂ ਹੀ ਕਰਜ਼ਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੇਸ ਵਿਚਾਰ ਅਧੀਨ ਹੈ।