ਆਤਿਸ਼ ਗੁਪਤਾ
ਚੰਡੀਗੜ੍ਹ, 14 ਅਗਸਤ
ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿੱਚ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਇਕ ਵਾਰ ਫਿਰ ਤੋਂ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ। ਪਾਣੀ ਦਾ ਪੱਧਰ ਲਗਾਤਾਰ ਵਧਦਾ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਲੋਕਾਂ ਦੇ ਬਚਾਅ ਨੂੰ ਧਿਆਨ ’ਚ ਰੱਖ ਕੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਇਕ ਫਲੱਡ ਗੇਟ ਨੂੰ ਇਸ ਹਫ਼ਤੇ ’ਚ ਅੱਜ ਦੂਜੀ ਵਾਰ ਖੋਲ੍ਹਣ ਦਾ ਫ਼ੈਸਲਾ ਲਿਆ। ਇਸ ਗੇਟ ਨੂੰ ਦੋ ਘੰਟਿਆਂ ਲਈ ਖੋਲ੍ਹਿਆ ਗਿਆ। ਜ਼ਿਕਰਯੋਗ ਹੈ ਕਿ ਸੁਖਨਾ ਝੀਲ ਵਿਚ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ ਜਦਕਿ ਅੱਜ ਝੀਲ ’ਚ ਪਾਣੀ ਦਾ ਪੱਧਰ 1162.70 ਫੁੱਟ ’ਤੇ ਪਹੁੰਚ ਗਿਆ ਸੀ। ਇਹ ਫਲੱਡ ਗੇਟ ਬਾਅਦ ਦੁਪਹਿਰ 1 ਵਜੇ ਖੋਲ੍ਹਿਆ ਗਿਆ ਜਿਸ ਨੂੰ ਦੋ ਘੰਟੇ ਬਾਅਦ 3 ਵਜੇ ਦੇ ਕਰੀਬ ਬੰਦ ਕਰ ਦਿੱਤਾ ਗਿਆ।
ਸੁਖਨਾ ਝੀਲ ਵਿੱਚ ਪਿਛਲੇ 10 ਦਿਨਾਂ ਤੋਂ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 9 ਅਗਸਤ ਨੂੰ ਸਵਾ ਘੰਟੇ ਲਈ ਝੀਲ ਦਾ ਇਕ ਫਲੱਡ ਗੇਟ ਖੋਲ੍ਹਿਆ ਗਿਆ ਸੀ। ਉਸ ਵੇਲੇ ਵੀ ਪਾਣੀ ਦਾ ਪੱਧਰ 1162.670 ਫੁੱਟ ’ਤੇ ਪਹੁੰਚ ਗਿਆ ਸੀ। ਸਵਾ ਘੰਟੇ ਬਾਅਦ ਪਾਣੀ ਘੱਟ ਕੇ 1161.90 ਫੁੱਟ ’ਤੇ ਪਹੁੰਚ ਗਿਆ ਸੀ। ਪਾਣੀ ਸੀਮਿਤ ਮਾਤਰਾ ਵਿੱਚ ਵਹਿਣ ਕਾਰਨ ਸੁਖਨਾ ਚੋਅ ਦੁਆਲੇ ਰਹਿਣ ਵਾਲੇ ਕਿਸੇ ਵਸਨੀਕ ਨੂੰ ਕੋਈ ਦਿੱਕਤ ਨਹੀਂ ਸੀ ਹੋਈ। ਇਸ ਮੌਕੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਉਮੇਸ਼ ਸ਼ਰਮਾ ਅਤੇ ਪੁਲੀਸ ਬੀਟ ਬਾਕਸ ਸੁਖਨਾ ਦੇ ਮੁਖੀ ਸਣੇ ਕਈ ਪ੍ਰਸ਼ਾਸਨਿਕ ਅਧਿਕਾਰੀ ਤਾਇਨਾਤ ਸਨ।
ਯੂਟੀ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਫਲੱਡ ਗੇਟ ’ਤੇ 24 ਘੰਟੇ ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾ ਰਹੀ ਹੈ। ਪਿਛਲੇ ਚਾਰ ਦਿਨਾਂ ਤੋਂ ਝੀਲ ਵਿਚ ਪਾਣੀ ਦਾ ਪੱਧਰ ਸਥਿਰ ਸੀ ਪਰ ਅੱਜ ਸਵੇਰੇ ਚੰਡੀਗੜ੍ਹ, ਪੰਚਕੂਲਾ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਏ ਤੇਜ਼ ਮੀਂਹ ਕਾਰਨ ਝੀਲ ਵਿਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ। ਇਸ ਦੌਰਾਨ ਖ਼ਤਰੇ ਨੂੰ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਪਹਿਲਾਂ ਸੁਖਨਾ ਝੀਲ ਦੇ ਆਲੇ-ਦੁਆਲੇ ਅਨਾਊਂਸਮੈਂਟ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਫਲੱਡ ਗੇਟ ਖੋਲ੍ਹ ਦਿੱਤਾ ਗਿਆ। ਇਸ ਤੋਂ ਪਹਿਲਾਂ ਯੂਟੀ ਪ੍ਰਸ਼ਾਸਨ ਨੇ ਪੰਚਕੂਲਾ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਅਲਰਟ ਜਾਰੀ ਕਰ ਦਿੱਤਾ।
ਸਵੇਰ ਵੇਲੇ ਪਏ ਤੇਜ਼ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ
ਸ਼ਨਿੱਚਰਵਾਰ ਸਵੇਰ ਸਮੇਂ ਪਏ ਮੀਂਹ ਕਾਰਨ ਦਿਨ ਭਰ ਮੌਸਮ ਦਾ ਮਿਜ਼ਾਜ ਬਦਲਿਆ ਰਿਹਾ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ ਕੁਝ ਘੰਟਿਆਂ ਵਿੱਚ ਹੀ 25 ਮਿਲੀਮੀਟਰ ਮੀਂਹ ਪਿਆ ਸੀ, ਜਿਸ ਕਾਰਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.3 ਅਤੇ ਘੱਟ ਤੋਂ ਘੱਟ ਤਾਪਮਾਨ 25.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ 15 ਅਗਸਤ ਨੂੰ ਕਿਣ-ਮਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਅੱਜ ਸਵੇਰੇ ਮੀਂਹ ਪੈਣ ਤੋਂ ਬਾਅਦ ਮੌਸਮ ਖੁਸ਼ਗਵਾਰ ਹੋ ਗਿਆ, ਜਿਸ ਮਗਰੋਂ ਸੁਖਨਾ ਝੀਲ ਅਤੇ ਰੌਕ ਗਾਰਡਨ ’ਚ ਸੈਲਾਨੀਆਂ ਦੀ ਭੀੜ ਲੱਗੀ ਰਹੀ।