ਹਰਜੀਤ ਸਿੰਘ
ਜ਼ੀਰਕਪੁਰ, 14 ਅਗਸਤ
ਛੱਤਬੀੜ ਚਿੜੀਆਘਰ ਨੂੰ ਸੈਰ ਸਪਾਟੇ ਦਾ ਮੁੱਖ ਕੇਂਦਰ ਬਣਾਉਣ ਅਤੇ ਸੈਲਾਨੀਆਂ ਨੂੰ ਇਸ ਵੱਲ ਖਿੱਚਣ ਦੇ ਮਕਸਦ ਨਾਲ ਇੱਥੇ ਨਵਾਂ ਡਾਇਨੋਸੌਰ ਪਾਰਕ ਉਸਾਰਨ ਦੇ ਨਾਲ ਇਕ ਓਟਰ ਹਾਊਸ ਦੀ ਸੌਗਾਤ ਵੀ ਦਿੱਤੀ ਗਈ ਹੈ ਅਤੇ ਇਸ ਨੂੰ ਬੱਚਿਆਂ ਦੇ ਐਜੂਕੇਸ਼ਨਲ ਪਾਰਕ ਦੇ ਤੌਰ ’ਤੇ ਵਿਕਸਤ ਕੀਤਾ ਗਿਆ ਹੈ। ਚਿੜੀਆਘਰ ਦੇ ਸੁੰਦਰੀਕਰਨ ਤਹਿਤ ਅੱਜ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਮੌਕੇ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਛੱਤਬੀੜ ਚਿੜੀਆਘਰ ਵਿਚ ਨਵੇਂ ਬਣੇ ਡਾਇਨੋਸੌਰ ਪਾਰਕ ਅਤੇ ਓਟਰ ਹਾਊਸ ਦਾ ਆਨਲਾਈਨ ਉਦਘਾਟਨ ਕੀਤਾ ਗਿਆ। ਪੰਜਾਬ ਸਰਕਾਰ ਦੇ ਵਣ ਅਤੇ ਜੰਗਲੀ ਜੀਵ ਸੁੱਰਖਿਆ ਵਿਭਾਗ ਵੱਲੋਂ ਲੋਕਾਂ ਦੀ ਭਾਗੀਦਾਰੀ ਸਕੀਮ ਰਾਹੀਂ ਚਿੜੀਆਘਰ ਛੱਤਬੀੜ ਤੇ ਆਲਟਰਵਿਊ ਗਰੁੱਪ ਦੇ ਸਾਂਝੇ ਉੱਦਮ ਸਦਕਾ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਇਸ ਪਾਰਕ ਇੱਕ ਨਿਵੇਕਲਾ ਪਾਰਕ ਸਿਰਜਿਆ ਗਿਆ ਹੈ। ਇਸ ਪਾਰਕ ਵਿੱਚ ਵੱਡੇ ਆਕਾਰ ਦੇ ਡਾਇਨੋਸੌਰ ਲੋਕਾਂ, ਖਾਸ ਕਰ ਕੇ ਬੱਚਿਆਂ ਨੂੰ ਵਿੱਦਿਅਕ ਅਤੇ ਵਿਗਿਆਨਕ ਜਾਣਕਾਰੀ ਮੁਹੱਈਆ ਕਰਵਾੳਣਗੇ। ਇਸ ਪਾਰਕ ਵਿੱਚ ਚੱਲਣ ਵਾਲੇ, ਹਿਲਜੁਲ ਕਰਨ ਵਾਲੇ, ਆਵਾਜ਼ ਕਰਨ ਵਾਲੇ ਬਹੁਤ ਹੀ ਨਿਵੇਕਲੇ ਅਤੇ ਸ਼ਾਨਦਾਰ ਜੀਵ ਤੇ ਬਹੁਤ ਵੱਡੇ ਆਕਾਰ ਵਾਲੇ ਤੇ ਬਿਲਕੁਲ ਜੀਵੰਤ ਲੱਗਣ ਵਾਲੇ ਰੌਬੋਟ ਇੱਕ ਸ਼ਾਨਦਾਰ ਦ੍ਰਿਸ਼ ਆਮ ਲੋਕਾਂ ਲਈ ਪੇਸ਼ ਕਰਨਗੇ। ਇਸ ਦੇ ਨਾਲ ਹੀ ਚਿੜੀਆਘਰ ਛੱਤਬੀੜ ਵਿੱਚ ਇੱਕ ਨਿਵੇਕਲੀ ਕਿਸਮ ਦਾ ਓਟਰ ਹਾਊਸ ਵੀ ਬਣਾਇਆ ਗਿਆ ਹੈ ਜਿਸ ਵਿੱਚ ਇੱਕ ਦੁਰਲੱਭ ਕਿਸਮ ਦਾ ਜਾਨਵਰ ਜੋ ਕਿ ਬਿਆਸ ਦਰਿਆ ਵਿੱਚ ਰਹਿੰਦਾ ਹੈ ਤੇ ਜਿਸ ਨੂੰ ਓਟਰ ਜਾਂ ਉਦ ਬਿਲਾਓ ਅਤੇ ਪਾਣੀ ਕੁੱਤਾ ਵੀ ਕਹਿੰਦੇ ਹਨ, ਦਿਖਾਇਆ ਜਾਵੇਗਾ। ਇਸ ਓਟਰ ਹਾਊਸ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਪਾਰਦਸ਼ੀ ਸ਼ੀਸ਼ੇ ਰਾਹੀਂ ਪਾਣੀ ਦੇ ਅੰਦਰ ਖੇਡਦਾ ਹੋਇਆ ਤੇ ਮੱਛੀਆਂ ਫੜਦਾ ਹੋਇਆ ਓਟਰ ਜਾਂ ਪਾਣੀ ਕੁੱਤਾ ਸਾਫ਼ ਦਿਖਾਈ ਦੇਵੇਗਾ ਜੋ ਕਿ ਖਿੱਚ ਦਾ ਕੇਂਦਰ ਹੋਵੇਗਾ। ਇਹ ਓਟਰ ਹਾਊਸ ਕੁੱਲ 35 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਆਨਲਾਈਨ ਉਦਘਾਟਨੀ ਸਮਾਗਮ ਵਿੱਚ ਵਣ ਤੇ ਜੰਗਲੀ ਜੀਵ ਸੁੱਰਖਿਆ ਵਿਭਾਗ ਦੇ ਵਿੱਤ ਸਕੱਤਰ ਡੀ.ਕੇ. ਤਿਵਾੜੀ, ਮੁੱਖ ਜੰਗਲੀ ਜੀਵ ਵਾਰਡਨ ਆਰ.ਕੇ. ਮਿਸ਼ਰਾ, ਮੁੱਖ ਵਣ ਪਾਲ ਚਰਚਿਲ ਕੁਮਾਰ, ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਅਤੇ ਛੱਤਬੀੜ ਚਿੜੀਆਘਰ ਦੇ ਫ਼ੀਲਡ ਡਾਇਰੈਕਟਰ ਨਰੇਸ਼ ਮਹਾਜਨ ਵੀ ਹਾਜ਼ਰ ਸਨ। ਇਸ ਮੌਕੇ ਫ਼ੀਲਡ ਡਾਇਰੈਕਟਰ ਨਰੇਸ਼ ਮਹਾਜਨ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ’ਚ ਦਰਸ਼ਕਾਂ ਦੀ ਸਹੂਲਤ ਦਾ ਧਿਆਨ ਰੱਖਿਆ ਜਾ ਰਿਹਾ ਹੈ। ਅੱਜ ਨਵੇਂ ਬਣੇ ਡਾਇਨੋਸੌਰ ਪਾਰਕ ਨੂੰ ਆਮ ਦਰਸ਼ਕਾਂ ਲਈ ਖੋਲ੍ਹ ਦਿੱਤਾ ਗਿਆ ਹੈ।