ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਕਤੂਬਰ
ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਬੀਤੀ ਦੇਰ ਸ਼ਾਮ ਜੀਜੀਐੱਨ ਖਾਲਸਾ ਕਾਲਜ ਲੁਧਿਆਣਾ ਵਿੱਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਦੀ ਸੁਲੱਖਣ ਸਿੰਘ ਸਰਹੱਦੀ ਵੱਲੋਂ ਸੰਪਾਦਿਤ ਗ਼ਜ਼ਲ ਪੁਸਤਕ ‘ਤਾਰਿਆਂ ਦੇ ਨਾਲ ਗੱਲਾਂ ਕਰਦਿਆਂ’ ਦੇ ਤੀਜੇ ਸੰਸਕਰਨ ਨੂੰ ਗੈਰਰਸਮੀ ਤੌਰ ’ਤੇ ਰ਼ਿਲੀਜ਼ ਕੀਤਾ। ਇਸ ਦੌਰਾਨ ਪਰਗਟ ਸਿੰਘ ਨੇ ਕਿਹਾ ਹੈ ਕਿ ਚੰਗਾ ਸਿਹਤਮੰਦ ਸਾਹਿਤ ਹੀ ਕਿਸੇ ਕੌਮ ਨੂੰ ਸਾਰਥਕ ਦਿਸ਼ਾ ਵੱਲ ਤੋਰ ਸਕਦਾ ਹੈ। ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸਪੀ ਸਿੰਘ ਦੀ ਅਗਵਾਈ ਹੇਠ ਜੁੜੇ ਚੋਣਵੇਂ ਬੁੱਧੀਜੀਵੀਆਂ ਨਾਲ ਵਿਚਾਰਾਂ ਵੀ ਕੀਤੀਆਂ। ਇਸ ਮੌਕੇ ਡਾ. ਐੱਸਪੀ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਨੀਤੀ, ਖੇਡ ਨੀਤੀ, ਸਾਹਿੱਤ ਵਿਕਾਸ ਤੇ ਸਭਿਆਚਾਰ ਤੇ ਪੁਸਤਕ ਸੱਭਿਆਚਾਰ ਲਈ ਲਾਇਬਰੇਰੀ ਐਕਟ ਸਬੰਧੀ ਸਮਾਂਬੱਧ ਨੀਤੀ ਵਿਕਸਤ ਕਰਨ ਦੀ ਪਹਿਲਕਦਮੀ ਕੀਤੀ ਜਾਵੇ। ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਕਿਹਾ ਕਿ ਸੀਬੀਐੱਸਈ ਵੱਲੋਂ ਪੰਜਾਬੀ ਤੇ ਹੋਰ ਖੇਤਰੀ ਜ਼ੁਬਾਨਾਂ ਨੂੰ ਮੁੱਖ ਵਿਸ਼ੇ ਵਜੋਂ ਹੀ ਮੁੜ ਪ੍ਰਵਾਨ ਕਰਵਾਇਆ ਜਾਵੇ। ਭਾਸ਼ਾ ਵਿਭਾਗ ਵੱਲੋਂ ਪਿਛਲੇ ਛੇ ਸਾਲਾਂ ਲਈ ਐਲਾਨੇ ਪੁਰਸਕਾਰ ਵੀ ਦੇਣ ਦਾ ਯੋਗ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ, ਮਨਜੀਤ ਸਿੰਘ ਛਾਬੜਾ, ਪੰਜਾਬ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਵੀ ਹਾਜ਼ਰ ਸਨ।
ਪਰਵਾਸੀ ਕਵੀ ਦੀ ਪੁਸਤਕ ‘ਉਡਾਰੀਆਂ’ ਰਿਲੀਜ਼
ਜਗਰਾਉਂ (ਚਰਨਜੀਤ ਸਿੰਘ ਢਿੱਲੋਂ ): ਫਰਿਜ਼ਨੋ ਵਸਦੇ ਪੰਜਾਬੀ ਕਵੀ ਅਤੇ ਸੱਭਿਆਚਾਰ ਦੇ ਮੁਰੀਦ ਰਣਜੀਤ ਸਿੰਘ ਗਿੱਲ ਉਰਫ ਜੱਗਾ ਸੁਧਾਰ ਵੱਲੋਂ ਲਿਖਿਆ ਕਾਵਿ ਸੰਗ੍ਰਹਿ ‘ਉਡਾਰੀਆਂ’ ਲੋਕ ਅਰਪਨ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਫਰਿਜ਼ਨੋ ਨੂੰ ਉਹ ਸਾਹਿਤਕ ਪੱਖੋਂ ਅਮਰੀਕਾ ਦਾ ਸਰਗਰਮ ਖਿੱਤਾ ਮੰਨਦਾ ਹਨ, ਕਿਉਂਕਿ ਇੱਥੇ ਹੀ ਡਾ. ਗੁਰਮੇਲ ਸਿੱਧੂ, ਹਰਜਿੰਦਰ ਕੰਗ, ਰਣਜੀਤ ਗਿੱਲ ਅਤੇ ਹੋਰ ਦੋਸਤਾਂ ਨੇ ਸਾਹਿਤਕ ਸਰਗਰਮੀਆਂ ਰਾਹੀਂ ਭਾਈਚਾਰੇ ਨੂੰ ਆਪਣੇ ਨਾਲ ਜੋੜਿਆ ਹੈ। ਮੋਦੀ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ.ਖੁਸਵਿੰਦਰ ਕੁਮਾਰ ਨੇ ਕਿਹਾ ਕਿ ‘ਸੁਧਾਰ’ ਸਾਹਿਤ ਸਿਰਜਣਾ ਦੀ ਕਰਮ ਭੂਮੀ ਹੈ। ਬੇਕਰਜ਼ਫੀਲਡ (ਅਮਰੀਕਾ) ਤੋਂ ਆਏ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਰਪ੍ਰਸਤ ਅਜੀਤ ਸਿੰਘ ਭੱਠਲ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਰਣਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਰਣਜੀਤ ਗਿੱਲ ਨੂੰ ‘ਉਡਾਰੀਆਂ’ ਲਈ ਮੁਬਾਰਕਬਾਦ ,ਜੱਗਾ ਸਿਰਫ ਲਿਖਾਰੀ ਹੀ ਨਹੀਂ ਦੋਸਤੀ ਤੇ ਮੋਹ ਦੀਆਂ ਗੰਡਾਂ ਪੀਡੀਆਂ ਕਰਨ ਵਾਲਾ ਨਿੱਘਾ ਵੀਰ ਹੈ । ਇਸ ਮੌਕੇ ਜਗਜੀਵਨ ਮੋਹੀ ਨੇ ਪ੍ਰੋ.ਹਰਿੰਦਰ ਕੌਰ ਸੋਹੀ ਵੱਲੋਂ ਪੁਸਤਕ ਲਈ ਲਿਖਿਆ ਮੁੱਖ ਬੰਦ ਪੜ੍ਹ ਕੇ ਸੁਣਾਇਆ ਅਤੇ ਸਾਹਿਤਕ ਸ਼ਖਸੀਅਤਾਂ ਨੇ ਜੱਗਾ ਸੁਧਾਰ ਨੂੰ ਮੁਬਾਰਕਬਾਦ ਦਿੱਤੀ ।