ਸ਼ਗਨ ਕਟਾਰੀਆ
ਬਠਿੰਡਾ, 24 ਜਨਵਰੀ
ਬਠਿੰਡਾ ਜ਼ਿਲ੍ਹੇ ’ਚ ਬੱਸਾਂ ਦੀ ਸਮਾਂ ਸਾਰਨੀ ਦਾ ਰੇੜਕਾ ਅੱਜ ਮਿੱਥੇ ਦਿਨ ਹੱਲ ਨਹੀਂ ਹੋ ਸਕਿਆ। ਇਸ ਤੋਂ ਖ਼ਫ਼ਾ ਹੋਈਆਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨਾਲ ਸਬੰਧਤ ਮੁਲਾਜ਼ਮ ਜਥੇਬੰਦੀਆਂ ਨੇ ਰੋਸ ਵਜੋਂ 28 ਜਨਵਰੀ ਨੂੰ ਪੰਜਾਬ ਭਰ ਦੇ ਬੱਸ ਅੱਡੇ ਤੇ ਸਰਕਾਰੀ ਬੱਸ ਡਿੱਪੂ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁਲਾਜ਼ਮ ਆਗੂ ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਸ ਕਵਾਇਦ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਮੌਕੇ ਪ੍ਰਸ਼ਾਸਨ ਨੇ ਸੋਮਵਾਰ ਤੱਕ ਮਸਲਾ ਤਣ-ਪੱਤਣ ਲਾਉਣ ਦਾ ਵਾਅਦਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਆਰਟੀਏ ਨਾਲ ਜਥੇਬੰਦੀਆਂ ਦੇ ਵਫ਼ਦ ਦੀ ਅੱਜ ਹੋਈ ਮੀਟਿੰਗ ਬੇਸਿੱਟਾ ਰਹੀ। ਉਧਰ ਆਰਟੀਏ ਦਫ਼ਤਰ ਦੇ ਨੁਮਾਇੰਦਿਆਂ ਦਾ ਤਰਕ ਹੈ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਅਦਾਲਤ ’ਚ ਦਾਇਰ ਪਟੀਸ਼ਨ ਦੇ ਆਧਾਰ ’ਤੇ ਨਿਯਮਾਂ ਅਧੀਨ ਪਹਿਲੀ ਸਮਾਂ ਸਾਰਨੀ ਰੱਦ ਕੀਤੀ ਸੀ।
ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ਭਰ ’ਚੋਂ ਸਿਰਫ਼ ਆਰਟੀਏ ਬਠਿੰਡਾ ਨੇ ਹੀ 24 ਦਸੰਬਰ 2021 ਨੂੰ ਲਾਗੂ ਹੋਈ ਨਵੀਂ ਸਮਾਂ ਸਾਰਨੀ ਰੱਦ ਕਰਕੇ ਪੁਰਾਣੀ ਬਹਾਲ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਰਟੀਏ ਨੇ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਲਾਭ ਦੇਣ ਦੇ ਉਦੇਸ਼ ਨਾਲ ਅਜਿਹਾ ਕੀਤਾ ਹੈ। ਅੱਜ ਮੁਲਾਜ਼ਮਾਂ ਦੀਆਂ ਛੇ ਜਥੇਬੰਦੀਆਂ ਨੇ ਇਸ ਸਬੰਧੀ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਇਕ ਪੱਤਰ ਭੇਜ ਕੇ ਦਖ਼ਲ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਲਿਖਿਆ ਹੈ ਪੈਦਾ ਹੋਣ ਵਾਲੇ ਹਾਲਾਤ ਦੀ ਪੂਰਨ ਜ਼ਿੰਮੇਵਾਰੀ ਖੇਤਰੀ ਟਰਾਂਸਪੋਰਟ ਅਥਾਰਿਟੀ ਦੀ ਹੋਵੇਗੀ।