ਲਖਵੀਰ ਸਿੰਘ ਚੀਮਾ
ਟੱਲੇਵਾਲ, 9 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਦੀ ਮੀਟਿੰਗ ਬਰਨਾਲਾ ਦੇ ਪਿੰਡ ਚੀਮਾ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਭਖਦੇ ਕਿਸਾਨੀ ਮਸਲਿਆਂ ’ਤੇ ਸੰਘਰਸ਼ ਸਬੰਧੀ ਅਹਿਮ ਫ਼ੈਸਲੇ ਲਏ ਗਏ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਐੱਮਐੱਸਪੀ ’ਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਕਾਨੂੰਨੀ ਗਾਰੰਟੀ ਸਣੇ ਕੌਮੀ ਕਿਸਾਨ ਮੋਰਚੇ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਉਲੀਕੇ ਗਏ ਪ੍ਰੋਗਰਾਮ ਪੂਰੀ ਸਮਰੱਥਾ ਨਾਲ਼ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ। ਪਾਣੀਆਂ ਦੇ ਗੰਭੀਰ ਸੰਕਟ ਦੇ ਪੁਖਤਾ ਹੱਲ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨਾਲ ਤਹਿ ਹੋਏ ਤਾਲਮੇਲਵੇਂ ਸੰਘਰਸ਼ ਵਜੋਂ ਜਥੇਬੰਦੀ ਵੱਲੋਂ ਇਸ ਸੰਕਟ ਦੇ ਮੁੱਖ ਦੋਸ਼ੀ ਸੰਸਾਰ ਬੈਂਕ, ਕਾਰਪੋਰੇਟ ਘਰਾਣਿਆਂ ਅਤੇ ਪੰਜਾਬ ਸਰਕਾਰ ਸਣੇ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਬੇਪਰਦ ਕਰਨ ਲਈ ਦੌਧਰ/ਲੁਧਿਆਣਾ/ਅੰਮ੍ਰਿਤਸਰ ਵਿੱਚ ਸੰਸਾਰ ਬੈਂਕ ਦੇ ਪ੍ਰਾਜੈਕਟਾਂ ਤੋਂ ਇਲਾਵਾ ਪਟਿਆਲਾ, ਫ਼ਿਰੋਜ਼ਪੁਰ, ਫਾਜ਼ਿਲਕਾ, ਫ਼ਰੀਦਕੋਟ ਤੇ ਅੰਮ੍ਰਿਤਸਰ ਵਿੱਚ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਪਾਣੀ ਜ਼ਹਿਰੀਲਾ ਕਰਨ ਦੀਆਂ ਦੋਸ਼ੀ ਕਾਰਪੋਰੇਟ ਕੰਪਨੀਆਂ ਜਿਵੇਂ ਟ੍ਰਾਈਡੈਂਟ (ਬਰਨਾਲਾ) ਵਿਰੁੱਧ ਨੌਂ ਥਾਵਾਂ ’ਤੇ 21 ਤੋਂ 25 ਜੁਲਾਈ ਤੱਕ ਦਿਨੇ-ਰਾਤ ਪੰਜ ਰੋਜ਼ਾ ਧਰਨੇ ਲਾਏ ਜਾਣਗੇ। ਇਨ੍ਹਾਂ ਹੀ ਦਿਨਾਂ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਅੱਧੀ ਦਰਜਨ ਥਾਵਾਂ ’ਤੇ ਇਸੇ ਤਰ੍ਹਾਂ ਧਰਨੇ ਲਾਏ ਜਾਣਗੇ।
ਅੱਜ ਦੀ ਮੀਟਿੰਗ ਵਿੱਚ ਹੋਰ ਸੂਬਾਈ ਆਗੂਆਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਜਸਵਿੰਦਰ ਸਿੰਘ ਲੌਂਗੋਵਾਲ, ਜਗਤਾਰ ਸਿੰਘ ਕਾਲਾਝਾੜ ਅਤੇ ਔਰਤ ਆਗੂ ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਸਣੇ 19 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਸ਼ਾਮਲ ਸਨ। ਪ੍ਰੋਗਰਾਮਾਂ ਦੀ ਕਾਮਯਾਬੀ ਲਈ ਵਿਸ਼ੇਸ਼ ਜ਼ਿਲ੍ਹਾ ਪੱਧਰੀ ਸਿੱਖਿਆ ਮੀਟਿੰਗਾਂ 17, 18 ਅਤੇ 19 ਜੁਲਾਈ ਨੂੰ ਕੀਤੀਆਂ ਜਾਣਗੀਆਂ।